ਸੁਖਜਿੰਦਰ ਮਾਨ
ਚੰਡੀਗੜ੍ਹ 24 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਗੜੇਮਾਰੀ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾਉਣ ਅਤੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਬੇਸ਼ੱਕ ਸਭ ਤੋਂ ਵੱਧ ਨੁਕਸਾਨ ਖੇਤਾਂ ਵਿੱਚ ਝੋਨੇ ਦੀ ਪੱਕੀ ਫ਼ਸਲ ਦਾ ਹੋਇਆ ਹੈ, ਪਰ ਸਬਜ਼ੀਆਂ ਤੇ ਹੋਰ ਫ਼ਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਬਹੁਤੇ ਥਾਈਂ ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ’ਚ ਪਏ ਝੋਨੇ ਦਾ ਨੁਕਸਾਨ ਵੀ ਹੋਇਆ ਹੈ। ਪਹਿਲਾਂ ਹੀ ਕਾਰਪੋਰੇਟਾੱ ਨਾਲ ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦੇ ਮੁਆਵਜ਼ੇ ਲਈ ਹਜ਼ਾਰਾਂ ਕਿਸਾਨ ਮਜ਼ਦੂਰ 5 ਅਕਤੂਬਰ ਤੋਂ ਲਗਾਤਾਰ ਸ਼ੰਘਰਸ਼ ਕਰਦੇ ਆ ਰਹੇ ਹਨ, ਜਿਸਦੇ ਅਗਲੇ ਪੜਾਅ’ਤੇ 25 ਅਕਤੂਬਰ ਤੋਂ ਬਠਿੰਡਾ ਸਕੱਤਰੇਤ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਇਹ ਫ਼ਸਲੀ ਤਬਾਹੀਆਂ ਪਹਿਲਾਂ ਹੀ ਕਰਜ਼ਿਆਂ ਦੇ ਭਾਰੀ ਬੋਝ ਥੱਲੇ ਦੱਬੇ ਹੋਏ ਕਿਸਾਨਾਂ ਨੂੰ ਬੁਰੀ ਤਰ੍ਹਾਂ ਝੰਬ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੇਸ਼ੱਕ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਅਹਿਮ ਭਖਦੀਆਂ ਮੰਗਾਂ ਨੂੰ ਲਗਾਤਾਰ ਅਣਸੁਣੀਆਂ ਕਰਨ ਦਾ ਕੁਕਰਮ ਜਾਰੀ ਹੈ ਅਤੇ ਉੱਤੋਂ ਕੁਦਰਤੀ ਕਹਿਰ ਵੀ ਕਿਸਾਨਾਂ ਦਾ ਇਮਤਿਹਾਨ ਲੈ ਰਿਹਾ ਹੈ,ਪਰ ਫਿਰ ਵੀ ਆਪਣੀ ਸੁੱਚੀ ਕਿਰਤ ਅਤੇ ਰਿਜ਼ਕ-ਪਾਲਕ ਮਾਂ ਜ਼ਮੀਨ ਦੀ ਰਾਖੀ ਖਾਤਰ ਚੇਤਨ ਸੂਝਵਾਨ ਕਿਸਾਨ ਹਰ ਬਿਪਤਾ ਦਾ ਟਾਕਰਾ ਸਿਦਕ ਸਿਰੜ ਭਰੇ ਸੰਘਰਸ਼ ਰਾਹੀਂ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਵੀ ਭਾਰੀ ਗਿਣਤੀ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਕੀਤੇ ਗਏ ਹਨ। ਅਜੇ ਕੱਲ੍ਹ ਹੀ ਜਥੇਬੰਦੀ ਦਾ ਵੱਡਾ ਕਾਫ਼ਲਾ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਸਬੰਧੀ ਰੋਸ ਪ੍ਰਦਰਸ਼ਨ ਵਿਚ ਅਤੇ ਉਸ ਤੋਂ ਵੀ ਵੱਡਾ ਕਾਫ਼ਲਾ ਪਰਸੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਹੁਸੈਨੀਵਾਲਾ ਵਿਖੇ ਜਾ ਕੇ ਆਏ ਹਨ। ਪੰਜਾਬ ਵਿੱਚ 40 ਥਾਂਵਾਂ ‘ਤੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਰੋਸ ਧਰਨੇ ਵੀ ਤੇਰ੍ਹਵੇਂ ਮਹੀਨੇ ਲਗਾਤਾਰ ਜਾਰੀ ਹਨ। ਸਮੂਹ ਕਿਰਤੀ ਤਬਕਿਆਂ ਦੀ ਸੰਘਰਸ਼ ਸਾਂਝ ਨੂੰ ਮਜ਼ਬੂਤ ਕਰਨ ਲਈ ਹਿਮਾਇਤੀ ਕਾਫ਼ਲੇ ਵੀ ਉਨ੍ਹਾਂ ਦੇ ਸੰਘਰਸ਼ਾਂ ਵਿੱਚ ਲਗਾਤਾਰ ਭੇਜੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਸਾਰੇ ਮੋਰਚਿਆਂ ਵਿੱਚ ਪਰਵਾਰਾਂ ਸਮੇਤ ਸ਼ਮੂਲੀਅਤ ਨੂੰ ਜ਼ਰ੍ਹਬਾਂ ਦਿੱਤੀਆਂ ਜਾਣ।
Share the post "ਗੜੇਮਾਰੀ ਤੇ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇ ਸਰਕਾਰ -ਕੋਕਰੀ, ਉਗਰਾਹਾਂ"