ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਕਹਿਰ ਬਣ ਕੇ ਨੌਜਵਾਨਾਂ ਨੂੰ ਅਪਣੀ ਚਪੇਟ ’ਚ ਲੈ ਰਹੇ ਚਿੱਟੇ ਦੇ ਨਸ਼ੇ ਕਾਰਨ ਅੱਜ ਸਥਾਨਕ ਸ਼ਹਿਰ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਹੈ। ਹਾਲਾਂਕਿ ਪੁਲਿਸ ਵਲੋਂ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਹਨ। ਪਹਿਲੀ ਘਟਨਾ ਸਥਾਨਕ ਸੈਂਟ ਜੈਵੀਅਰ ਸਕੂਲ ਕੋਲ ਸਥਿਤ ਇੱਕ ਖ਼ਾਲੀ ਪਏ ਪਲਾਟ ਦੀ ਹੈ, ਜਿੱਥੋਂ ਇੱਕ 22 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮਿ੍ਰਤਕ ਦੀ ਲਾਸ਼ ਕੋਲ ਖ਼ਾਲੀ ਸਰਿੰਜ਼ਾਂ ਬਰਾਮਦ ਹੋਈਆਂ ਹਨ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਮਿ੍ਰਤਕ ਇੱਥੋਂ ਨਜਦੀਕ ਹੀ ਧੋਬੀਆਣਾ ਬਸਤੀ ’ਚ ਬਣੇ 25 ਗਜ਼ ਪਲਾਟਾਂ ਵਿਚ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਇਸ ਮੌਕੇ ਮੁਹੱਲੇ ਦੀ ਇੱਕ ਔਰਤ ਨੇ ਪੁਲਿਸ ਦੀ ਹਾਜ਼ਰੀ ’ਚ ਇਲਾਕੇ ਵਿਚ ਖੁੱਲੇ ਤੌਰ ’ਤੇ ਨਸ਼ੇ ਦੀ ਵਿੱਕਰੀ ਦਾ ਦੋਸ਼ ਲਗਾਇਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਸ਼ੇ ਕਰਦਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਐਂਬੂਲੈਂਸ ਮੰਗਵਾ ਕੇ ਮਿ੍ਰਤਕ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਪਰਿਵਾਰਕ ਮੈਂਬਰ ਨੌਜਵਾਨ ਦੇ ਜਿੰਦਾ ਹੋਣ ਦਾ ਦਾਅਵਾ ਕਰਕੇ ਉਸਨੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਿਖਾਉਣ ਲਈ ਕਹਿ ਕੇ ਮੁੜ ਅਪਣੇ ਨਾਲ ਲੈ ਗਏ। ਉਧਰ ਸਥਾਨਕ ਸਹਿਰ ਦੇ ਖੇਡ ਸਟੇਡੀਅਮ ਦੇ ਕੋਲੋ ਵੀ ਇੱਕ 17 ਸਾਲਾ ਨੌਜਵਾਨ ਦੀ ਲਾਸ ਮਿਲਣ ਦੀ ਸੂਚਨਾ ਹੈ। ਹਾਲਾਂਕਿ ਮਿ੍ਰਤਕ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਿ੍ਰਤਕ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ। ਮਿ੍ਰਤਕ ਨੌਜਵਾਨ ਸਥਾਨਕ ਗਣੈਸਾ ਬਸਤੀ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਇੱਥੇ ਦਸਣਾ ਬਣਦਾ ਹੈ ਕਿ ਨਸ਼ੇ ਕਾਰਨ ਹਰ ਦਿਨ ਹੋਣ ਵਾਲੀਆਂ ਮੌਤਾਂ ਦਾ ਅੰਕੜਾਂ ਵਧ ਰਿਹਾ ਹੈ। ਪਿਛਲੇ ਦਸ ਦਿਨਾਂ ਵਿਚ ਅੱਧੀ ਦਰਜ਼ਨਦੇ ਕਰੀਬ ਨੌਜਵਾਨਾਂ ਦੀ ਕਥਿਤ ਨਸ਼ੇ ਨਾਲ ਮੌਤ ਹੋ ਚੁੱਕੀ ਹੈ।
ਚਿੱਟੇ ਦਾ ਕਹਿਰ: ਬਠਿੰਡਾ ’ਚ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤਾਂ ’ਚ ਮੌਤ
7 Views