ਨੌਜਵਾਨਾਂ ਨੂੰ ਬਚਾਉਣ ਲਈ ਲੋਕਾਂ ਨੂੰ ਸੰਘਰਸ ਦੇ ਮੈਦਾਨ ਵਿੱਚ ਡੱਟਣ ਦਾ ਸੱਦਾ
ਸੁਖਜਿੰਦਰ ਮਾਨ
ਬਠਿੰਡਾ, 16 ਮਈ: ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਅੱਜ ਥਾਣਾ ਨੇਹੀਆ ਵਾਲਾ ਅੱਗੇ ਥੋਕ ਪੱਧਰ ’ਤੇ ਵੇਚ ਰਹੇ ਚਿੱਟੇ ਦੇ ਸਮਗਲਰਾਂ ਨੂੰ ਜੇਲਾਂ ਵਿੱਚ ਬੰਦ ਕਰਵਾਉਣ ਲਈ ਧਰਨਾ ਦਿੱਤਾ ਗਿਆ । ਪਿੰਡ ਜੀਦਾ ਤੇ ਹੋਰ ਪਿੰਡਾ ਵਿੱਚ ਸ਼ਰੇਆਮ ਵਿੱਕ ਰਹੇ ਨਸ਼ਿਆਂ ਤੋਂ ਦੁੱਖੀ ਲੋਕਾਂ ਵੱਲੋਂ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਕੇ ਤਿੱਖੇ ਰੋਹ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ । ਧਰਨੇ ਵਿੱਚ ਪਹੁੰਚੇ ਲੋਕਾਂ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲਾ ਕਮੇਟੀ ਮੈੰਬਰ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰ ਤੇ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਿੱਕ ਰਹੇ ਚਿੱਟੇ ਅਤੇ ਹੋਰ ਮਾਰੂ ਨਸ਼ਿਆ ਨੇ ਮਾਵਾਂ ਦੇ ਗੱਭਰੂ ਪੁੱਤਾਂ ਨੂੰ ਨਿਗਲ ਲਿਆ ਹੈ । ਪਰ ਆਮ ਆਦਮੀ ਦੀ ਪਾਰਟੀ ਕਹਾਉਣ ਵਾਲੀ ਮਾਨ ਸਰਕਾਰ ਹੱਥਾਂ ਤੇ ਹੱਥ ਧਰਕੇ ਚੁੱਪਚਾਪ ਬਲਦੇ ਸਿਵਿਆਂ ਵੱਲ ਦੇਖ ਰਹੀ ਹੈ । ਉਨਾਂ ਕਿਹਾ ਕਿ ਪਿੰਡ ਜੀਦੇ ਵਿੱਚ ਚਿੱਟੇ ਦੇ ਵਪਾਰੀ ਨਸ਼ਾ ਵੇਚਕੇ ਚੰਗੇ ਹੱਥ ਰੰਗ ਰਹੇ ਹਨ । ਜਿਨਾਂ ਬਾਰੇ ਪਹਿਲਾਂ ਵੀ ਪਿੰਡ ਦੇ ਲੋਕਾਂ ਨੇ ਥਾਣੇ ਵਿੱਚ ਉਨਾਂ ਦੇ ਨਾਮ ਨਸ਼ਰ ਕਰਕੇ ਉਨਾਂ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਗਈ ਸੀ । ਪਰ ਨਸ਼ਿਆ ਦੇ ਵਿਉਪਾਰੀਆਂ ਦਾ ਧੰਦਾ ਰੁਕਣ ਦੀ ਵਜਾਏ ਪਹਿਲਾਂ ਨਾਲੋਂ ਵੀ ਤੇਜੀ ਫੜ ਗਿਆ । ਧਰਨੇ ਨੂੰ ਮਜਦੂਰ ਆਗੂ ਮਨਦੀਪ ਸਿੰਘ ਸਿਬੀਆਂ, ਕਾਕਾ ਸਿੰਘ ਜੀਦਾ ਤੇ ਮਾੜਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਨੇ ਕਿਹਾ ਸਰਕਾਰ ਤੇ ਪੁਲਿਸ ਦੀ ਸਰਪ੍ਰਸਤੀ ਹੇਠ ਵਿੱਕ ਰਹੇ ਨਸੇ ਨੇ ਇੱਕ ਪਾਸੇ ਸਮਗਲਰਾਂ ਦੀਆਂ ਦੌਲਤਾਂ ਵਿੱਚ ਬੇਥਾਹ ਵਾਧੇ ਕੀਤੇ ਹਨ ਅਤੇ ਦੂਜੇ ਪਾਸੇ ਨਸ਼ਿਆ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੇ ਮੱਥੇ ‘ਤੇ ਨਸੇੜੀਆਂ ਅਤੇ ਚੋਰਾਂ ਦਾ ਕਲੰਕ ਲਾਕੇ ਉਨਾਂ ਨੂੰ ਸਮਾਜ ਅੰਦਰ ਨਮੋਸ਼ੀ ਭਰੀ ਜਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਹੈ। ਧਰਨਾਕਾਰੀਆ ਨੇ ਸਰਕਾਰ ਤੋਂ ਨਸ਼ੇ ਦੇ ਵਿਉਪਾਰੀਆਂ ਨੂੰ ਗਿ੍ਰਫਤਾਰ ਕਰਕੇ ਸਖਤ ਸਜਾਵਾਂ ਦੇਣ , ਉਨਾਂ ਦੀਆਂ ਜਾਇਦਾਦਾਂ ਕੁਰਕ ਕਰਨ , ਨਸ਼ੇ ਦੇ ਆਦੀ ਬਣਾਏ ਨੌਜਵਾਨਾਂ ਨਾਲ ਹਮਦਰਦੀ ਭਰਿਆ ਸਲੀਕਾ ਅਪਣਾਕੇ ਉਨਾਂ ਦਾ ਸਰਕਾਰੀ ਖਰਚੇ ਤੇ ਇਲਾਜ ਕਰਵਾਉਣ ਤੇ ਇਲਾਜ ਦੌਰਾਨ ਉਨਾਂ ਦੇ ਪਰਿਵਾਰਾਂ ਦਾ ਘਰੇਲੂ ਖਰਚਾ ਦੇਣ , ਪਿੰਡਾਂ ਵਿੱਚ ਨਸਿਆਂ ਨੂੰ ਰੋਕਣ ਤੇ ਹੋ ਰਹੀਆਂ ਚੋਰੀਆਂ ਨੂੰ ਠੱਲਣ ਲਈ ਪੁਲਿਸ ਦੇ ਵਿਸੇਸ਼ ਦਸਤੇ ਬਣਾਕੇ ਗਸਤ ਕਰਵਾਉਣ ਦੀ ਮੰਗ ਕੀਤੀ ਗਈ । ਅੱਜ ਦੇ ਧਰਨੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਜੀਦਾ ਵੱਲੋਂ ਮਲਕੀਤ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਜੱਥੇ ਨੇ ਭਰਾਤਰੀ ਹਿਮਾਇਤ ਕਰਦਿਆਂ ਹਰ ਪੱਖੋਂ ਸਾਥ ਦੇਣ ਦਾ ਐਲਾਨ ਕੀਤਾ । ਧਰਨੇ ਦੀ ਸਮਾਪਤੀ ਮਗਰੋਂ ਡੀ ਐਸ ਪੀ ਸਤਵੀਰ ਸਿੰਘ ਤੇ ਐਸ ਐਚ ਓ ਨੂੰ ਮੰਗ ਪੱਤਰ ਦਿੱਤਾ ਗਿਆ । ਜਿਨਾਂ ਨੇ ਮੰਗਾਂ ਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ । ਹੋਰਨਾਂ ਤੋਂ ਇਲਾਵਾ ਕੁਆਰਾ ਸਿੰਘ ,ਸੀਰਾ ਸਿੰਘ , ਗੋਲਾ ਸਿੰਘ , ਕੇਵਲ ਸਿੰਘ , ਸਰਬਜੀਤ ਕੌਰ , ਜੀਤੋ ਕੌਰ , ਸੁਖਪ੍ਰੀਤ ਕੌਰ , ਹੰਸਾਂ ਸਿੰਘ ਆਦਿ ਆਗੂ ਵਰਕਰ ਵੀ ਧਰਨੇ ਵਿੱਚ ਸਾਮਲ ਹੋਏ।
ਚਿੱਟੇ ਦੇ ਸਮਗਲਰਾਂ ਨੂੰ ਜੇਲਾਂ ਵਿੱਚ ਡੱਕਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ
10 Views