ਇੱਕ ਹਫ਼ਤਾ ਬੀਤ ਜਾਣ ’ਤੇ ਵੀ ਨਹੀ ਹੋਈ ਕਾਰਵਾਈ
ਭੋਲਾ ਸਿੰਘ ਮਾਨ
ਮੌੜ ਮੰਡੀ,31 ਜਨਵਰੀ – ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਅੰਦਰ ਹਰ ਸਟੇਜ ’ਤੇ ਆਮ ਆਦਮੀ ਦਾ ਰਾਜ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੌੜ ਮੰਡੀ ਦੀ ਇੱਕ ਔਰਤ ਆਪਣਾ ਚੋਰੀ ਹੋਏ ਸਮਾਨ ਨੂੰ ਬਰਾਮਦ ਕਰਵਾਉਣ ਲਈ ਪਿਛਲੇ ਇੱਕ ਹਫ਼ਤੇ ਤੋਂ ਥਾਣਾ ਮੌੜ ਦੇ ਚੱਕਰ ਕੱਟ ਰਹੀ ਹੈ। ਪੀੜਿਤ ਔਰਤ ਅਮਨਦੀਪ ਕੌਰ ਪਤਨੀ ਭਰਭੂਰ ਸਿੰਘ ਵਾਸੀ ਮੌੜ ਮੰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਨਿੱਜੀ ਕੰਮਕਾਰ ਲਈ 11 ਜਨਵਰੀ ਨੂੰ ਦਿੱਲੀ ਗਈ ਹੋਈ ਸੀ। ਜਦੋਂ ਉਹ 25 ਜਨਵਰੀ ਆਪਣੇ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਕਮਰਿਆਂ ਦੇ ਬਾਰਾਂ ਦੇ ਕੁੰਡੇ ਤੋੜ ਕੇ ਅਲਮਾਰੀ ਦੀ ਭੰਨਤੋੜ ਕੀਤੀ ਹੋਈ ਸੀ, ਜਿਸ ਵਿਚੋਂ ਸੋਨਾਂ, ਐਲਈਡੀ, ਗੈਸ ਸਿਲੰਡਰ ਅਤੇ ਹੋਰ ਘਰੇਲੂ ਸਮਾਨ ਚੋਰੀ ਕਰ ਲਿਆ। ਜਦ ਉਹ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕਿ ਥਾਣਾ ਮੌੜ ਨੂੰ ਜਾਣਕਾਰੀ ਦੇਣ ਗਏ ਤਾਂ ਅੱਗੋਂ ਪੁਲਿਸ ਨੇ ਕਿਹਾ ਕਿ 26 ਜਨਵਰੀ ਨੂੰ ਪ੍ਰੋਗਰਾਮ ਤੋਂ ਬਾਅਦ ਮੌਕਾ ਦੇਖਾਂਗੇ। ਅਮਨਦੀਪ ਕੌਰ ਨੇ ਕਿਹਾ ਕਿ ਪੁਲਿਸ ਨੂੰ ਭਾਵੇਂ ਮੈਂ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦੇ ਨਾਮ ਪਤੇ ਵੀ ਦੱਸ ਦਿੱਤੇ ਹਨ। ਪ੍ਰੰਤੂ ਪੁਲਿਸ ਨੇ ਚੋਰੀ ਸਮਾਨ ਤਾਂ ਕੀ ਬਰਾਮਦ ਕਰਵਾਉਣਾ ਸੀ, ਸਗੋਂ ਪੁਲਿਸ ਉਕਤ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਵੀ ਦਰਜ਼ ਨਹੀ ਕਰ ਰਹੀ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਿਸ ਮੁਲਜ਼ਮਾਂ ਨਾਲ ਮਿਲੀ ਹੋਈ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਤੋਂ ਮੰਗ ਕੀਤੀ ਕਿ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਸ ਦਾ ਸਮਾਨ ਬਰਾਮਦ ਕਰਵਾਇਆ ਜਾਵੇ।ਇਸ ਮਾਮਲੇ ਸਬੰਧੀ ਜਦੋਂ ਥਾਣਾ ਮੌੜ ਦੇ ਮੁਖੀ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ। ਜਾਂਚ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Share the post "ਚੋਰੀ ਹੋਏ ਸਮਾਨ ਨੂੰ ਬਰਾਮਦ ਕਰਵਾਉਣ ਲਈ ਔਰਤ ਥਾਣਾ ਮੌੜ ਦੇ ਚੱਕਰ ਕੱਟਣ ਲਈ ਮਜਬੂਰ"