ਚੰਨੀ ਦਾ ਬਠਿੰਡਾ ਦੌਰਾ: ਨਵੇਂ ਅਵਾਤਰ ’ਚ ਨਜ਼ਰ ਆਏ ਮੁੱਖ ਮੰਤਰੀ

0
17

ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦੇ ਦਿਲ ਜਿੱਤਣ ’ਚ ਸਫ਼ਲ!
ਸੁਖਜਿੰਦਰ ਮਾਨ

ਬਠਿੰਡਾ, 26 ਸਤੰਬਰ-ਇੱਕ ਗਰੀਰ ਘਰ ’ਚ ਉਠ ਕੇ ਅਪਣੀ ਮਿਹਨਤ ਦੇ ਬਲਬੂਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜਣ ਵਾਲੇ ਚਰਨਜੀਤ ਸਿੰਘ ਚੰਨੀ ਅਪਣੇ ਪਲੇਠੇ ਬਠਿੰਡਾ ਦੌਰੇ ਦੌਰਾਨ ਜਿੱਥੇ ਕਿਸਾਨਾਂ ਨੂੰ ਦਿਲਾਸਾ ਦੇਣ ਵਿਚ ਸਫ਼ਲ ਰਹੇ ਉਥੇ ਆਮ ਲੋਕਾਂ ਦੇ ਦਿਲ ਜਿੱਤਤੇ ਵੀ ਨਜ਼ਰ ਆਏ। ਫ਼ਿਲਮੀ ਨਾਇਕ ਦੀ ਤਰਾਂ ਰਾਸਤੇ ’ਚ ਤੁਰੇ ਜਾਂਦੇ ਆਮ ਲੋਕਾਂ ਨੂੰ ਮਿਲਣ ਤੋਂ ਲੈ ਕੇ ਤਬਾਹ ਹੋਈ ਫ਼ਸਲ ਕਾਰਨ ਭੜਕੇ ਕਿਸਾਨ ਨੂੰ ਜੱਫ਼ੀ ’ਚ ਲੈ ਕੇ ਸ਼ਾਂਤ ਕਰਨ ਸਹਿਤ ਪਿੰਡ ਦੀ ਗਲੀ ’ਚ ਤੁਰੀ ਜਾਂਦੀ ਨਵੀਂ ਵਿਆਹੀ ਜੋੜੀ ਸ਼ਗਨ ਦੇਣ ਵਾਲੇ ਚੰਨੀ ਇੱਕ ਬਦਲੇ ਹੋਏ ਰੂਪ ’ਚ ਨਜ਼ਰ ਆ ਰਹੇ ਹਨ, ਜਿਹੜਾ ਉਨ੍ਹਾਂ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਮੰਤਰੀ ਕਾਰਜ਼ਕਾਲ ਦੌਰਾਨ ਉਭਰ ਕੇ ਸਾਹਮਣੇ ਨਹੀਂ ਆ ਰਿਹਾ ਸੀ। ਬਠਿੰਡਾ ਪੱਟੀ ’ਚ ਗੁਲਾਬੀ ਸੁੰਡੀ ਕਾਰਨ ਤਬਾਹ ਹੋਈਆਂ ਨਰਮੇ ਦੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਪੁੱਜਣ ਵਾਲੇ ਚੰਨੀ ਖੇਤਾਂ ’ਚ ਪੁੱਜਣ ਤੋਂ ਪਹਿਲਾਂ ਆਪਣੇ ਲਾਮਲਸ਼ਕਰ ਨੂੰ ਪਿਛੇ ਰੋਕਦੇ ਰਹੇ। ਸਿੱਧੇ ਕਿਸਾਨਾਂ ਨਾਲ ਗੱਲਬਾਤ ਕਰਨ ਨੂੰੂ ਉਨ੍ਹਾਂ ਤਰਜੀਹ ਦਿੱਤੀ। ਜਦ ਪਿੰਡ ਕਟਾਰ ਸਿੰਘ ਵਾਲਾ ਵਿਖੇ ਇੱਕ ਪੀੜਤ ਕਿਸਾਨ ਨੇ ਉਚੀ-ਉਚੀ ਅਪਣਾ ਰੋਣਾ ਰੋਇਆ ਤਾਂ ਚੰਨੀ ਨੇ ਉਸਨੂੰ ਗਲੇ ਲਗਾ ਲਿਆ। 55 ਹਜ਼ਾਰ ਰੁਪਏ ਪ੍ਰਤੀ ਏਕੜ ਜਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਫ਼ਸਲ ਗਵਾਉਣ ਵਾਲੇ ਕਿਸਾਨ ਦਾ ਗੁੱਸਾ ਤਾਂ ਸ਼ਾਂਤ ਹੋਇਆ ਹੀ, ਬਲਕਿ ਮੁੱਖ ਮੰਤਰੀ ਦਾ ਇਹ ਅੰਦਾਜ਼ ਆਮ ਲੋਕਾਂ ਨੂੰ ਵੀ ਪਸੰਦ ਆਇਆ। ਇਸਤੋਂ ਬਾਅਦ ਉਹ ਹਲਕਾ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਦੇ ਖੇਤਾਂ ਵਿਚ ਪੁੱਜੇ, ਜਿੱਥੇ ਉਨ੍ਹਾਂ ਕਿਸਾਨਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ। ਨਵੇਂ ਬਣਨ ਵਾਲੇ ਮੰਤਰੀ ਮੰਡਲ ’ਚ ਹੋ ਰਹੇ ਰੱਦੋਬਦਲ ਤੇ ਹੋਰ ਕਈ ਸਿਆਸੀ ਪ੍ਰੇਸ਼ਾਨੀਆਂ ਨਾਲ ਅੰਦਰੋ-ਅੰਦਰੀ ਜੂਝ ਰਹੇ ਮੁੱਖ ਮੰਤਰੀ ਦਾ ਕਾਫ਼ਲਾ ਇਸਤੋਂ ਬਾਅਦ ਪਿੰਡ ਮੰਡੀ ਕਲਾਂ ’ਚ ਪੁੱਜਿਆ। ਇਸ ਦੌਰਾਨ ਉਨਾਂ ਕਿਸਾਨੀ ਸੰਘਰਸ਼ ਦੌਰਾਨ ਸਹੀਦ ਹੋਏ ਕਿਸਾਨ ਸੁਖਪਾਲ ਸਿੰਘ ਦੇ ਭਰਾ ਨੱਥਾ ਸਿੰਘ ਨੂੰ ਸਰਕਾਰੀ ਨੌਕਰੀ ਦਾ ਪੱਤਰ ਘਰ ਜਾ ਕੇ ਸੋਂਪਿਆ। ਖੁਦ ਨੂੰ ਆਮ ਆਦਮੀ ਕਰਾਰ ਦੇਣ ਵਾਲੇ ਇਸ ਮੁੱਖ ਮੰਤਰੀ ਨੇ ਅਪਣੇ ਨਾਲ ਮੌਜੂਦ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਨਾਲ ਉਕਤ ਕਿਸਾਨ ਪਰਿਵਾਰ ਦੇ ਘਰ ‘ਚ ਬਣਿਆ ਹੋਇਆ ਸਾਦਾ ਖਾਣਾ ਖਾਧਾ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਪਿੰਡ ’ਚ ਕਾਫ਼ਲੇ ਦੌਰਾਨ ਮੁੱਖ ਮੰਤਰੀ ਨੂੰ ਇੱਕ ਨਵ ਵਿਆਹੀ ਜੋੜੀ ਲੱਡੂ ਵੰਡਦੀ ਨਜ਼ਰ ਆਈ ਤਾਂ ਉਨਾਂ੍ਹ ਅਪਣਾ ਕਾਫ਼ਲਾ ਤੁਰੰਤ ਰੋਕ ਕੇ ਲੜਕੀ ਨੂੰ ਸ਼ਗਨ ਦਿੱਤਾ ਤੇ ਲੜਕੇ ਨੂੰ ਜੱਫ਼ੀ ਪਾ ਕੇ ਪਿਆਰ ਦਿੱਤਾ। ਮੁੱਖ ਮੰਤਰੀ ਦੇ ਦੌਰੇ ਦੀਆਂ ਉਕਤ ਵੀਡੀਓਜ਼ ਅੱਜ ਸੋਸਲ ਮੀਡੀਆ ’ਤੇ ਵੀ ਵਾਇਰਲ ਹੁੰਦੀਆਂ ਰਹੀਆਂ।

ਬਾਕਸ
ਚਿੱਬੜਾਂ ਦੀ ਚਟਣੀ ਲੱਗੀ ਸਵਾਦ
ਬਠਿੰਡਾ: ਮਹਰੂਮ ਕਿਸਾਨ ਦੇ ਘਰ ਨਿਯੁਕਤੀ ਪੱਤਰ ਦੇਣ ਗਏ ਮੁੱਖ ਮੰਤਰੀ ਨੂੰ ਜਦ ਪ੍ਰਵਾਰ ਵਲੋਂ ਖਾਣੇ ਦੀ ਆਫ਼ਰ ਕੀਤੀ ਗਈ ਤਾਂ ਉਹ ਜਵਾਬ ਨਾ ਦੇ ਸਕੇ। ਪ੍ਰਵਾਰ ਵਲੋਂ ਤੁਰੰਤ ਸਾਦਾ ਖਾਣਾ, ਜਿਸ ਵਿਚ ਮੂੰਗੀ ਦੀ ਦਾਲ ਤੇ ਕੱਦੂ ਦੀ ਸਬਜ਼ੀ ਦੇ ਨਾਲ ਚਿੱਬੜਾਂ ਦੀ ਬਣੀ ਲਾਲ ਚਟਣੀ ਰੱਖੀ ਗਈ। ਮੁੱਖ ਮੰਤਰੀ ਨੂੰ ਇਹ ਚਟਣੀ ਇੰਨ੍ਹੀਂ ਸਵਾਦ ਲੱਗੀ ਕਿ ਉਨ੍ਹਾਂ ਦੋ ਵਾਰ ਮੰਗ ਕੇ ਇਹ ਚਟਣੀ ਲਈ। ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਖੁਦ ਥਾਲ ਹੱਥ ’ਚ ਫ਼ੜ ਕੇ ਰੋਟੀ ਖਾਂਦੇ ਨਜ਼ਰ ਆਏ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here