ਸਾਈਕÇਲੰਗ ਟਰੈਕ ਨੂੰ ਦਸਿਆ ਐਂਬੂਲੇਸ ਤੇ ਫਾਈਰ ਬ੍ਰਿਗੇਡ ਦੇ ਲੰਘਣ ਵਾਲਾ ਰਾਸਤਾ
ਸੁਖਜਿੰਦਰ ਮਾਨ
ਬਠਿੰਡਾ, 5 ਮਈ : ਸਥਾਨਕ ਸ਼ਹਿਰ ਦੀ ਉੜੀਆ ਬਸਤੀ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਲਈ ਹੰਗਾਮੀ ਹਾਲਾਤ ’ਚ ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਲਈ ਕੋਈ ਰਸਤਾ ਨਾ ਹੋਣ ਸਬੰਧੀ ਕੀਤੀ ਸਿਕਾਇਤ ਦੇ ਜਵਾਬ ’ਚ ਡਿਪਟੀ ਕਮਿਸ਼ਨਰ ਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਰੀਪੋਰਟ ’ਤੇ ਸਮਾਜ ਸੇਵੀ ਨੇ ਉਂਗਲ ਖ਼ੜੀ ਕੀਤੀ ਹੈ। ਇਸ ਰਿਪੋਰਟ ਨੂੰ ਗੁਮਰਾਹ ਕਰਨ ਵਾਲੀ ਅਤੇ ਗਲਤ ਜਾਣਕਾਰੀ ਮੁਹੱਈਆ ਕਰਵਾਉਣ ਵਾਲੀ ਦਸਦਿਆਂ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਕਮਿਸ਼ਨ ਨੂੰ ਤੱਥਾਂ ਦੀ ਪੜਤਾਲ ਦੀ ਅਪੀਲ ਕੀਤੀ ਹੈ। ਅੱਜ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ ਮਹੇਸ਼ਵਰੀ ਨੇ ਦਸਿਆ ਕਿ ਬਠਿੰਡਾ ਵਿਚੋਂ ਗੁਜਰਦੀ ਸਰਹਿੰਦ ਨਹਿਰ ਦੇ ਦੂਜੇ ਪਾਸੇ ਵਸੀ ਉੜੀਆ ਕਲੌਨੀ ਵਿਚ ਹਜ਼ਾਰਾਂ ਗਰੀਬ ਪ੍ਰਵਾਰ ਰਹਿੰਦੇ ਹਨ ਪ੍ਰੰਤੂ ਇਸ ਕਲੌਨੀ ਨੂੰ ਵਸਿਆਂ ਹੋਇਆ ਦਹਾਕੇ ਬੀਤ ਜਾਣ ਦੇ ਬਾਵਜੂਦ ਐਮਰਜੈਂਸੀ ਹਾਲਾਤਾਂ ’ਚ ਇੰਨ੍ਹਾਂ ਕਲੌਨੀ ਵਾਸੀਆਂ ਨੂੰ ਐਂਬੂਲੇਸ ਤੇ ਫ਼ਾਈਰ ਬ੍ਰਿਗੇਡ ਗੱਡੀ ਜਾਣ ਲਈ ਵੀ ਕੋਈ ਰਾਸਤਾ ਨਹੀਂ ਹੈ। ਬਲਕਿ ਇੱਕ ਰਾਸਤਾ ਸਰਹਿੰਦ ਨਹਿਰ ਉਪਰ ਸਿਰਫ਼ ਪੌਣੇ 6 ਫੁੱਟ ਦੇ ਕਰੀਬ ਪੁਲ ਬਣਿਆ ਹੋਇਆ ਹੈ, ਜਿਸ ਉਪਰੋਂ ਦੋ ਪਹੀਆ ਵਾਹਨ ਹੀ ਗੁਜਰਦੇ ਹਨ ਤੇ ਕਲੌਨੀ ਨੂੰ ਕੋਈ ਸੜਕ ਵੀ ਨਹੀਂ ਜਾਂਦੀ। ਇਸ ਸਬੰਧ ਵਿਚ ਉਸਦੇ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿਕਾਇਤ ਕੀਤੀ ਗਈ ਪ੍ਰੰਤੂ ਕੋਈ ਕਾਰਵਾਈ ਨਾ ਹੋਣ ’ਤੇ ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਲ 2021 ਵਿਚ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ। ਜਦ ਪ੍ਰੰਤੂ ਉਸਨੂੰ ਉਸ ਸਮੇਂ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ, ਜਦ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਖਾਨਾਪੂਰਤੀ ਲਈ ਰੀਪੋਰਟ ਲੈ ਕੇ ਡਿਪਟੀ ਕਮਿਸ਼ਨਰ ਵਲੋਂ 7 ਮਾਰਚ 2023 ਨੂੰ ਭੇਜੀ ਰੀਪੋਰਟ ਵਿਚ ਕਮਿਸ਼ਨ ਨੂੰ ਪੂਰੀ ਤਰ੍ਹਾਂ ਗੁੰਮਰਾਹ ਕਰਨ ਦੀ ਕੋਸਿਸ ਕੀਤੀ ਗਈ ਹੈ। ਸਿਕਾਇਤਕਰਤਾ ਮੁਤਾਬਕ ਡਿਪਟੀ ਕਮਿਸ਼ਨਰ ਨੇ ਇਸ ਰੀਪੋਰਟ ਵਿਚ ਇਹ ਦਾਅਵਾ ਕੀਤਾ ਹੈ ਕਿ ਬਹਿਮਣ ਵਾਲੀ ਸਾਈਡ ਤੋਂ ਰਸਤਾ ਬਣਿਆ ਹੋਇਆ ਹੈ, ਪ੍ਰੰਤੂ ਇਸ ਰਸਤੇ ਦੀ ਚੌੜਾਈ ਨਹੀਂ ਦੱਸੀ ਗਈ। ਜਦੋਂਕਿ ਅਸਲ ਵਿਚ ਇਹ ਸ਼ਹਿਰੀਆਂ ਦੇ ਸੈਰਗਾਹ ਤੇ ਸਾਈਕÇਲੰਗ ਲਈ ਸਾਢੇ 6 ਫੁੱਟ ਚੋੜਾ ਟਾਈਲਾਂ ਨਾਲ ਟਰੈਕ ਹੀ ਬਣ ਰਿਹਾ ਹੈ। ਜਿਸ ਉਪਰੋਂ ਫ਼ਾਈਰ ਬ੍ਰਿਗੇਡ ਦੀ ਗੱਡੀ ਗੁਜਰ ਨਹੀਂ ਸਕਦੀ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਟਰੈਕ ਦਾ ਵੀ ਹਾਲੇ ਕੰਮ ਚੱਲ ਰਿਹਾ ਹੈ ਤੇ ਇਸਦੇ ਪੂਰਾ ਹੋਣ ਵਿਚ ਕਾਫੀ ਸਮਾਂ ਹੋਰ ਲਗੇਗਾ। ਸੋਨੂ ਮਹੇਸ਼ਵਰੀ ਨੇ ਕਮਿਸ਼ਨ ਨੂੰ ਇਸ ਰੀਪੋਰਟ ਦੇ ਜਵਾਬ ਵਿਚ ਭੇਜੇ ਪੱਤਰ ਵਿਚ ਇਹ ਵੀ ਖੁਲਾਸਾ ਕੀਤਾ ਹੈ ਕਿ ਇਹ ਰਸਤਾ ਸੈਰ ਕਰਨ ਲਈ ਬਣਾਇਆ ਜਾ ਰਿਹਾ ਹੈ ਉਸ ਦੇ ਇੱਕ ਸਾਈਡ ਫੁਟਪਾਥ ਅਤੇ ਦੂਜੀ ਸਾਈਡ ਲੋਹੇ ਵਾਲੀ ਗਰਿਲ ਲਗਾਈ ਜਾ ਰਹੀ ਹੈ। ਜਿਸਤੋਂ ਭਾਵ ਕਿ ਜੇਕਰ ਇਸ ਟਰੈਕ ਉਪਰ ਦੇਸ਼ ਦੀ ਸਭ ਤੋਂ ਛੋਟੀ ਐਬੂਲੈਂਸ ‘ਓਮਨੀ’ ਜੋ ਮਰੂਤੀ ਕੰਪਨੀ ਵਲੋਂ ਬਣਾਈ ਜਾਂਦੀ ਹੈ, ਵੀ ਲੰਘਾਈ ਜਾਂਦੀ ਹੈ ਤੇ ਸਾਹਮਣੇ ਵਾਲੀ ਸਾਈਡ ਤੋਂ ਕੋਈ ਦੋ-ਪਹੀਆ ਵਾਹਨ ਵੀ ਆ ਗਿਆ ਤਾਂ ਉਹ ਵੀ ਗੁਜਰ ਨਹੀਂ ਸਕਦਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਰੀਪੋਰਟ ’ਤੇ ਹੋਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਭੇਜੀ ਗਈ ਇਸ ਰੀਪੋਰਟ ਵਿਚ ਇਸ ਟਰੈਕ ਉੱਪਰ ਫਾਇਰ ਬ੍ਰਿਗੇਡ ਦੀ ਛੋਟੀ ਗੱਡੀ ਜਾਣ ਦੀ ਗੱਲ ਕੀਤੀ ਗਈ ਹੈ, ਪਰ ਇਸਦੇ ਲਈ ਫਾਇਰ ਬ੍ਰਿਗੇਡ ਵਿਭਾਗ ਕੋਲੋ ਕੋਈ ਰਿਪੋਰਟ ਪ੍ਰਾਪਤ ਕਰਨ ਦੀ ਜਾਂ ਫਾਇਰ ਬ੍ਰਿਗੇਡ ਦਾ ਕੋਈ ਪੱਖ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਕਿਓਂਕਿ ਫਾਇਰ ਬ੍ਰਿਗੇਡ ਕੋਲ ਜੇ ਸਭ ਤੋਂ ਛੋਟੀ ਗੱਡੀ ਹੈ ਉਸ ਵਿੱਚ ਸਿਰਫ 300 ਲੀਟਰ ਪਾਣੀ ਹੀ ਆਉਂਦਾ ਹੈ ਜੱਦਕੀ ਉੜੀਆ ਬਸਤੀ ਵਿੱਚ ਵਾਰ-ਵਾਰ ਅੱਗ ਲੱਗਣ ਦਾ ਮੁੱਖ ਕਾਰਨ ਹੈ ਕਿ ਬਸਤੀ ਦੇ ਆਸਪਾਸ ਸਰਕੰਡੇ ਅਤੇ ਦਸਰਖਤ ਹਨ।ਸਿਕਾਇਤਕਰਤਾ ਨੇ ਕਮਿਸ਼ਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭੇਜੀ ਗਲਤ ਰੀਪੋਰਟ ’ਤੇ ਸਖ਼ਤ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਬਸਤੀ ਵਿੱਚ ਰਹਿ ਰਹੇ ਸੈਂਕੜੇ ਗਰੀਬ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ। ਉਧਰ ਸੰਪਰਕ ਕਰਨ ‘ਤੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਦਸਿਆ ਕਿ ਨਗਰ ਨਿਗਮ ਨੇ ਜੋ ਰੀਪੋਰਟ ਉਨ੍ਹਾਂ ਕੋਲ ਭੇਜੀ ਸੀ, ਉਹ ਅੱਗੇ ਭੇਜ ਦਿੱਤੀ ਹੈ। ਪ੍ਰੰਤੂ ਫ਼ਿਰ ਵੀ ਜੇਕਰ ਇਸ ਰੀਪੋਰਟ ‘ਤੇ ਕੋਈ ਸਵਾਲ ਖੜੇ ਹੋ ਰਹੇ ਹਨ ਤਾਂ ਉਹ ਜਰੂਰ ਇਸਦੀ ਜਾਂਚ ਕਰਵਾਉਣਗੇ।
Share the post "ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਰੀਪੋਰਟ ’ਤੇ ਸਮਾਜ ਸੇਵੀ ਨੇ ਖੜ੍ਹੇ ਕੀਤੇ ਸਵਾਲ"