ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਬਠਿੰਡਾ ਦੇ ਸੀ.ਆਈ.ਏ.-1 ਵਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ, ਜਿਹੜਾ ਜਾਅਲੀ ਆਫ਼ਰ ਲੈਟਰ ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਧੰਦਾ ਚਲਾ ਰਿਹਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਕੀਤੀ ਇਸ ਕਾਰਵਾਈ ਵਿਚ ਹਰਦੀਪ ਸਿੰਘ ਵਾਸੀ ਅਨੂਪ ਨਗਰ ਤੇ ਗੁਰਵਿੰਦਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਬਠਿੰਡਾ ਨੇ ਅਪਣੇ ਕੁੱਝ ਸਾਥੀਆਂ ਨਾਲ ਮਿਲਕੇ ਇਕ ਵਿਦੇਸ਼ ਭੇਜਣ ਲਈ ਇੰਸਟੀਚਿਊਟ ਚਲਾਈ ਹੋਈ ਸੀ। ਜਿਸਦਾ ਪਹਿਲਾਂ ਦਫ਼ਤਰ ਜੁਝਾਰ ਸਿੰਘ ਨਗਰ ਵਿਚ ਸੀ ਤੇ ਹੁਣ ਕੁੱਝ ਦਿਨ ਪਹਿਲਾਂ ਮੁਲਤਾਨੀਆ ਰੋਡ ’ਤੇ ਇੱਕ ਨਵਾਂ ਦਫ਼ਤਰ ਬਣਾਇਆ ਗਿਆ ਸੀ। ਇੰਨ੍ਹਾਂ ਦੋਨਾਂ ਨੌਜਵਾਨਾਂ ਵਲੋਂ ਅਪਣੇ ਨਾਲ ਲੌਦੀਪ ਸ਼ਰਮਾ ਵਾਸੀ ਅਜੀਤ ਰੋਡ ਤੇ ਵਿਸ਼ਵ ਸ਼ਰਮਾ ਵਾਸੀ ਭਾਗੂ ਰੋਡ ਬਠਿੰਡਾ ਨਾਲ ਮਿਲਕੇ ਇਹ ਕੰਮ ਕੀਤਾ ਜਾ ਰਿਹਾ ਸੀ ਤੇ ਇਸ ਕੰਮ ਨੂੰ ਚਲਾਉਣ ਲਈ ਕਈ ਲੜਕੇ ਅਤੇ ਲੜਕੀਆਂ ਰੱਖੀਆਂ ਹੋਈਆਂ ਸਨ। ਜਿਹੜੇ ਅੱਗੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੰਦੇ ਸਨ ਤੇ ਉਨ੍ਹਾਂ ਤੋਂ ਮੋਟੀ ਰਾਸ਼ੀ ਲੈ ਕੇ ਜਾਅਲੀ ਆਫ਼ਰ ਲੈਟਰ, ਜਾਅਲੀ ਐਲਐਮਈਆਈ ਤੇ ਹੋਰ ਦਸਤਾਵੇਜ਼ ਦੇ ਦਿੱਤੇ ਜਾਂਦੇ ਸਨ ਤੇ ਬਾਅਦ ਵਿਚ ਜਦ ਲੋਕਾਂ ਅਪਣੇ ਨਾਲ ਹੋਈ ਠੱਗੀ ਦਾ ਪਤਾ ਚੱਲਦਾ ਸੀ ਤਾਂ ਉਹ ਅਪਣੇ ਨੰਬਰ ਬਦਲ ਲੈਂਦੇ ਸਨ ਤੇ ਨਾਲ ਹੀ ਦਫ਼ਤਰ ਵੀ ਬਦਲ ਦਿੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਅਜਿਹੇ ਕਰਕੇ ਇੰਨ੍ਹਾਂ ਵਲੋਂ ਦਰਜ਼ਨਾਂ ਵਿਅਕਤੀਆਂ ਨਾਲ ਹੁਣ ਤੱਕ ਠੱਗੀ ਮਾਰੀ ਜਾ ਚੁੱਕੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਪਾਸੋ ਠੱਗੇ ਜਾਣ ਵਾਲੇ ਜ਼ਿਆਦਾਤਰ ਲੋਕ ਅਰਬ ਦੇਸ਼ਾਂ ਵਿੱਚ ਕੰਮ ਕਰਦੇ ਪੰਜਾਬੀ ਜਾਂ ਬਾਹਰਲੇ ਸੂਬਿਆ ਨਾਲ ਸਬੰਧਤ ਹੁੰਦੇ ਹਨ। ਪੁਲਿਸ ਨੇ ਇਸ ਮਾਮਲੇ ਵਿਚ ਕਥਿਤ ਦੋਸ਼ੀਆਂ ਹਰਦੀਪ ਸਿੰਘ , ਗੁਰਵਿੰਦਰ ਸਿੰਘ , ਸਮੀਰ ਸਿੰਘ , ਰਵਨੀਤ ਕੌਰ , ਸਰਬਜੀਤ ਕੌਰ, ਸੁੰਦਰੀ ਰਾਣੀ , ਬੇਬੀ , ਲੌਦੀਪ ਸ਼ਰਮਾ ਅਤੇ ਵਿਸ਼ਵ ਸ਼ਰਮਾ ਵਿਰੁਧ ਥਾਣਾ ਕੈਨਾਲ ਕਲੌਨੀ ਵਿਚ ਮੁਕੱਦਮਾ ਨੰ 67 ਅਧੀਨ ਧਾਰਾ 420, 465, 467, 468, 470, 471 ਆਈਪੀਸੀ ਦਰਜ਼ ਕਰਕੇ ਸੱਤ ਕਥਿਤ ਦੋਸੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਲੌਦੀਪ ਤੇ ਵਿਸਵ ਸਰਮਾ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਕੋਲੋ 7 ਮੋਬਾਇਲ ਫੋਨ, ਫਰਜ਼ੀ ਤਿਆਰ ਕੀਤੇ ਆਫਰ ਲੈਟਰ, ਐਲਐਮਈਆਈ ਅਤੇ ਠੱਗੇ ਹੋਏ 250000/-ਰੁਪਏ ਬ੍ਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਇੰਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਿਸਤੋਂ ਬਾਅਦ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
Share the post "ਜਾਅਲੀ ਆਫ਼ਰ ਲੈਟਰ ਤੇ ਜਾਅਲੀ ਦਸਤਾਵੇਜ਼ਾਂ ਨਾਲ ਠੱਗੀਆਂ ਮਾਰਨ ਵਾਲਾ ਗਿਰੋਹ ਪੁਲਿਸ ਸਿਕੰਜ਼ੇ ’ਚ"