ਜੇਲ੍ਹ ’ਚ ਭੁੱਕੀ ਸਪਲਾਈ ਕਰਦੇ ਪੰਜਾਬ ਪੁਲਿਸ ਦੇ ਦੋ ਜਵਾਨਾਂ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਸੂਬੇ ਦੀਆਂ ਜੇਲ੍ਹਾਂ ’ਚ ਨਸ਼ਿਆਂ ਦੀ ਤਸਕਰੀ ਵਿਚ ਲੱਗੇ ਪੰਜਾਬ ਪੁਲਿਸ ਦੀ ਰਿਜ਼ਰਵ ਬਟਾਲੀਅਨ ਦੇ ਜਵਾਨਾਂ ਨੂੰ ਜੇਲ੍ਹ ਅਧਿਕਾਰੀਆਂ ਨੇ ਰੰਗੇ ਹੱਥੀ ਕਾਬੂ ਕੀਤਾ ਹੈ। ਜੇਲ੍ਹ ਅਧਿਕਾਰੀਆਂ ਦੀ ਸਿਕਾਇਤ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁਧ 15ਏ, 61, 85 ਐਨ ਡੀ ਪੀ ਐਸ ਐਕਟ ਅਤੇ ਸੈਕਸਨ 42 ਪਰੀਜਨ ਐਕਟ 1894 ਤਹਿਤ ਕੇਸ ਦਰਜ਼ ਕਰ ਲਿਆ ਹੈ। ਮੁਲਾਜਮ ਗੁਰਦਾਸ ਸਿੰਘ ਨੰਬਰ 60/6/ਆਈ.ਆਰ.ਬੀ ਬਟਾਲੀਅਨ ਅਤੇ ਜਗਤਾਰ ਸਿੰਘ ਕਾਂਸਟੇਬਲ 701/6/ਆਈ.ਆਰ.ਬੀ ਬਟਾਲੀਅਨ ਨੂੰ ਅੱਜ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਨਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਜਿਸਤੋਂ ਬਾਅਦ ਉਹ ਕੇਂਦਰੀ ਜੇਲ੍ਹ ਬਠਿੰਡਾ ਦੇ ਹਵਾਲਾਤੀ ਬਣ ਗਏ, ਜਿਸਦੇ ਬੀਤੇ ਕੱਲ ਤੱਕ ਉਹ ਮੁਲਾਜਮ ਸਨ। ਜੇਲ੍ਹ ਅਧਿਕਾਰੀਆਂ ਮੁਤਾਬਕ ਉਕਤ ਦੋਨੋਂ ਮੁਲਾਜਮ ਕਾਫ਼ੀ ਲੰਮੇ ਸਮੇਂ ਤੋਂ ਜੇਲ੍ਹ ਵਿਚ ਤੈਨਾਤ ਸਨ। ਇੰਨ੍ਹਾਂ ਦੋਨਾਂ ਦੀ ਡਿਊਟੀ ਜੇਲ੍ਹ ਦੀ ਡਿਊਢੀ ਅੰਦਰ ਲੱਗੇ ਟਾਵਰਾਂ ਉਪਰ ਸੀ। ਬੀਤੇ ਕੱਲ ਜਦ ਇਹ ਡਿਊਟੀ ‘ਤੇ ਆਏ ਤਾਂ ਜੇਲ੍ਹ ਅਧਿਕਾਰੀਆਂ ਨੇ ਸ਼ੱਕ ਪੈਣ ’ਤੇ ਇੰਨ੍ਹਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਇੰਨ੍ਹਾਂ ਕਰਮਚਾਰੀਆਂ ਕੋਲੋ 620 ਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਉਧਰ ਥਾਣਾ ਕੈਂਟ ਦੇ ਮੁਖੀ ਪਰਮ ਪਾਰਸ ਸਿੰਘ ਚਹਿਲ ਨੇ ਦਸਿਆ ਕਿ ਬੇਸੱਕ ਅਦਾਲਤ ਨੇ ਦੋਨਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ ਪ੍ਰੰਤੂ ਪੁਲਿਸ ਇੰਨ੍ਹਾਂ ਨੂੰ ਮੁੜ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਆਵੇਗੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਜੇਲ੍ਹ ਅੰਦਰ ਕਿੰਨੇ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸਨ ਤੇ ਇਹ ਨਸ਼ਾ ਕਿਸ ਤੋਂ ਲੈਕੇ ਆਉਂਦੇ ਸਨ ਤੇ ਅੰਦਰ ਕਿਸਨੂੰ ਸਪਲਾਈ ਕਰਦੇ ਸਨ।
ਜਿਸ ਜੇਲ੍ਹ ਦੇ ਸਨ ‘ਮੁਲਾਜਮ’, ਹੁਣ ਉਸੇ ਜੇਲ੍ਹ ਦੇ ਬਣੇ ‘ਹਵਾਲਾਤੀ’
8 Views