ਕਿਹਾ ਕਿ ਕੋਈ ਭੁਲੇਖੇ ’ਚ ਨਾ ਰਹੇ, ਮਨਪ੍ਰੀਤ ਬਾਦਲ ਬਠਿੰਡਾ ਨਹੀਂ ਛੱਡਣਗੇ
ਕਈ ਕਾਂਗਰਸੀਆਂ ਦੇ ਕੱਚੇ ਚਿੱਠੇ ਸਾਡੇ ਕੋਲ, ਫ਼ਾਈਲਾਂ ਖੁੱਲਣ ਲੱਗੀਆਂ ਤਾਂ ਲੱਤਾਂ ਨੇ ਭਾਰ ਨਹੀਂ ਝੱਲਣਾ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ : ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਲੰਮੀ ਚੁੱਪੀ ਤੋਂ ਮੁੜ ਦਹਾੜ ਮਾਰੀ ਹੈ। ਪਿਛਲੇ ਦਿਨੀਂ ਕਾਂਗਰਸ ਪਾਰਟੀ ਵਲੋਂ ਮੇਅਰ ਰਮਨ ਗੋਇਲ ਸਹਿਤ ਪੰਜ ਕੋਂਸਲਰਾਂ ਨੂੰ ਪਾਰਟੀ ਵਿਚੋਂ ਕੱਢਣ ’ਤੇ ਪ੍ਰਤੀਕ੍ਰਮ ਦਿੰਦਿਆਂ ਉਨ੍ਹਾਂ ਕਾਂਗਰਸੀਆਂ ਨੂੰ ਚੁਣੌਤੀਆਂ ਦਿੰਦਿਆਂ ਕਿਹਾ ਕਿ ‘‘ਜੇਕਰ ਉਨ੍ਹਾਂ ਵਿਚ ਦਮ ਹੈ ਤਾਂ ਮੇਅਰ ਨੂੰ ਗੱਦੀਓ ਉਤਾਰ ਕੇ ਵਿਖਾਉਣ।’’ ਇਸਦੇ ਨਾਲ ਹੀ ਉਨ੍ਹਾਂ ਸ਼ਹਿਰ ਵਿਚ ਚੱਲ ਰਹੀ ਇਸ ਚਰਚਾ ਨੂੰ ਠੱਲ ਪਾਉਂਦਿਆਂ ਦਾਅਵਾ ਕੀਤਾ ਕਿ ‘‘ ਕੋਈ ਭੁਲੇਖੇ ਵਿਚ ਨਾ ਰਹੇ, ਮਨਪ੍ਰੀਤ ਬਾਦਲ ਬਠਿੰਡਾ ਨਹੀਂ ਛੱਡਣਗੇ। ਅਪਣੀ ਫ਼ੇਸਬੁੱਕ ’ਤੇ 11:27 ਮਿੰਟ ਦੀ ਅੱਪਲੋਡ ਕੀਤੀ ਇੱਕ ਵੀਡੀਓ ਵਿਚ ਉਨ੍ਹਾਂ ਮਨਪ੍ਰੀਤ ਬਾਦਲ ਵਿਰੁਧ ਬੋਲ ਰਹੇ ਕਾਂਗਰਸੀ ਕੋਂਸਲਰਾਂ ਨੂੰ ਅਸਿੱਧੇ ਧਮਕੀ ਭਰੇ ਲਹਿਜ਼ੇ ਵਿਚ ਕਿਹਾ ਕਿ ‘‘ਕਈਆਂ ਦੇ ਕੱਚੇ ਚਿੱਠੇ ਸਾਡੇ ਕੋਲ ਹਨ ਤੇ ਜੇਕਰ ਫ਼ਾਈਲਾਂ ਖੁੱਲਣ ਲੱਗੀਆਂ ਤਾਂ ਲੱਤਾਂ ਨੇ ਭਾਰ ਨਹੀਂ ਝੱਲਣਾ। ’’ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਹਿਤ ਕਾਂਗਰਸੀ ਕੋਂਸਲਰਾਂ ਨੂੰ ਇੱਕੋ-ਰੱਸੇ ਬੰਨਦਿਆਂ ਅਸਿੱਧੇ ਢੰਗ ਨਾਲ ਕਈਆਂ ਨੂੰ ਪੜਤਾਲਾਂ ’ਚ ਫ਼ਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਸਭ ਤੋਂ ਵੱਧ ਉਨ੍ਹਾਂ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਤੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਉੱਪਰ ਕਈ ਤਰ੍ਹਾਂ ਦੇ ਨਿੱਜੀ ਦੋਸ਼ ਵੀ ਲਗਾਏ। ਜਿੰਨ੍ਹਾਂ ਵਿਚ ਅਸੋਕ ਪ੍ਰਧਾਨ ਦੇ ਮੁੰਡੇ ਨੂੰ ਸਰਕਾਰੀ ਨੌਕਰੀ ਲਗਾਉਣ ਤੋਂ ਲੈ ਕੇ ਭੁੱਚੋਂ ਤੈਨਾਤੀ ਦੌਰਾਨ ਵਿਜੀਲੈਂਸ ਵਲੋਂ ਕਾਬੂ ਕਰਨ ਮੌਕੇ ਡੀਜੀਪੀ ਨੂੰ ਕਹਿ ਕੇ ਛੁਡਾਉਣ ਦਾ ਵੀ ਖ਼ੁਲਾਸਾ ਕੀਤਾ ਤੇ ਨਾਲ ਹੀ ਕਿਹਾ ਕਿ ਜਿੰਨਾਂ ਜਿਆਦਾ ਬੋਲੇਗੇਂ, ਮੁੰਡੇ ਲਈ ਸਮੱਸਿਆਵਾਂ ਖੜੀਆਂ ਹੋਣਗੀਆਂ। ਇਸੇ ਤਰ੍ਹਾਂ ਰਾਜਨ ਗਰਗ ਉਪਰ ਵੀ ਮਹਾਵੀਰ ਦਲ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਗਾਏ। ਜੋ-ਜੋ ਦੇ ਨਾਮ ਨਾਲ ਮਸ਼ਹੂਰ ਜੌਹਲ ਨੇ ਵੀਡੀਓ ਵਿਚ ਕਾਂਗਰਸ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ‘‘ਤੁਸੀ ਤਾਂ ਪੰਜ ਕੱਢੇ ਹਨ, ਹਾਲੇ ਦੇਖਿਓ ਕਿੰਨੇ ਕੋਂਸਲਰ ਹੋਰ ਕਾਂਗਰਸ ਛੱਡਣਗੇ ਤੇ ਨਾਲ ਹੀ ਵਾਰਡਾਂ ਵਿਚ ਟਕਸਾਲੀਆਂ ਦੇ ਅਸਤੀਫ਼ਿਆਂ ਦੀ ਝੜੀ ਲੱਗੇਗੀ। ’’ ਕਿਸ ਸਮੇਂ ਅਪਣੇ ਲਾਡਲੇ ਰਹੇ ‘ਮਾਸਟਰ ਜੀ’ ਦੀਆਂ ਵੀ ਜੋਜੋ ਨੇ ਅੰਦਰਲੀਆਂ ਗੱਲਾਂ ਬਾਹਰ ਲਿਆਉਣ ਦਾ ਇਸ਼ਾਰਾ ਕੀਤਾ। ਉਨ੍ਹਾਂ ਕੋਂਸਲਰ ਮਲਕੀਤ ਗਿੱਲ ਅਤੇ ਬਲਰਾਜ ਪੱਕਾ ਉਪਰ ਵੀ ਨਗਰ ਨਿਗਮ ਦੀਆਂ ਮੀਟਿੰਗਾਂ ’ਚ ਮੇਅਰ ਨੂੰ ਅੱਪਸਬਦ ਬੋਲਣ ਵਿਰੁਧ ਚਿਤਾਵਨੀ ਦਿੱਤੀ। ਮਲਕੀਤ ਗਿੱਲ ’ਤੇ ਤੰਜ ਕਸਦਿਆਂ ਜੋਜੋ ਨੇ ਕਿਹਾ ਕਿ ‘‘ ਉਸਦੀ ਚੋਣ ’ਤੇ ਪੈਸੇ ਕਿਸਨੇ ਲਗਾਏ ਸਨ ਤੇ ਕਿਸ ਤਰ੍ਹਾਂ ਜਿੱਤੀ ਸੀ, ਉਸਨੂੰ ਯਾਦ ਰੱਖਣਾ ਚਾਹੀਦਾ ਹੈ। ’’ ਇਸੇ ਤਰ੍ਹਾਂ ਕਈ ਇੱਕ ਹੋਰ ਬਲਾਕ ਪ੍ਰਧਾਨ ਵੱਲ ਇਸ਼ਾਰਾ ਕਰਦਿਆਂ ਜੋਜੋ ਨੇ ਕਿਹਾ ਕਿ ਬਹੁਤਿਆਂ ਨੇ ਗੁਰਦੁਆਰਿਆਂ ਦੇ ਲਈ ਵੀ ਫ਼ੰਡ ਲਏ ਸਨ ਤੇ ਜੇ ਮਿਣਤੀ ਹੋਣ ਲੱਗੀ ਤਾਂ ਭੱਜਣ ਨੂੰ ਥਾਂ ਨਹੀਂ ਥਿਆਉਣਾ। ਅਸੋਕ ਪ੍ਰਧਾਨ ਨਾਲ ਪ੍ਰਛਾਵੇ ਵਾਂਗ ਰਹਿਣ ਵਾਲੇ ਕਈ ਕੋਂਸਲਰਾਂ ਉਪਰ ਵੀ ਮਨਪ੍ਰੀਤ ਦੇ ਰਿਸ਼ਤੇਦਾਰ ਨੇ ਨਿੱਜੀ ਟਿੱਪਣੀਆਂ ਕੀਤੀਆਂ ਹਨ। ਇਸਤੋਂ ਇਲਾਵਾ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਨਗਰ ਨਿਗਮ ਦੀ ‘ਦਾਈ’ ਕਰਾਰ ਦਿੰਦਿਆਂ ਜੋਜੋ ਨੇ ਕਾਂਗਰਸੀਆਂ ਨੂੰ ਇਹ ਵੀ ਕਿਹਾ ਕਿ ਜਿਸ ਦਿਨ ਮੇਅਰ ਨੂੂੰ ਗੱਦੀਓ ਉਤਾਰ ਦਿੱਤਾ ਤਾਂ ਸਮਝੋ ਨਿਗਮ ਉਪਰ ਆਪ ਦਾ ਕਬਜ਼ਾ ਹੋ ਜਾਵੇਗਾ, ਕਿਉਂਕਿ ਅੱਧੀ ਦਰਜ਼ਨ ਕੋਂੋਸਲਰ ਮੇਅਰਸ਼ਿਪ ਲਈ ਭੱਜਦੋੜ ਕਰ ਰਹੇ ਹਨ। ਅੱਜ ਦੀ ਉਨ੍ਹਾਂ ਵਲੋਂ ਜਾਰੀ ਵੀਡੀਓ ਤੋਂ ਬਾਅਦ ਸੰਭਾਵਨਾ ਹੈ ਕਿ ਬਠਿੰਡਾ ਅੰਦਰ ਨਗਰ ਨਿਗਮ ਦੀ ਲੜਾਈ ਹਾਲੇ ਹੋਰ ਲੰਮੀ ਚੱਲੇਗੀ।
ਬਾਕਸ
ਕੋਂਸਲਰਾਂ ਵਲੋਂ ਸਾਥ ਛੱਡਣ ’ਤੇ ਜੌਹਲ ਬੁਖਲਾਹਟ ਵਿਚ ਬੋਲ ਰਹੇ ਹਨ: ਰਾਜਨ ਗਰਗ
ਜੇ ਅਸੀ ਜਤਾਇਆ ਸੀ ਤਾਂ ਹੀ ਕੁੱਝ ਕਰਨ ਜੋਗਾ ਹੋਇਆ ਸੀ ਮਨਪ੍ਰੀਤ: ਅਸੋਕ ਪ੍ਰਧਾਨ
ਬਠਿੰਡਾ : ਉਧਰ ਜੈਜੀਤ ਜੌਹਲ ਦੀ ਇਸ ਵੀਡੀਓ ’ਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੈ ਦਾਅਵਾ ਕੀਤਾ ਕਿ ‘‘ ਬਠਿੰਡ ਸ਼ਹਿਰ ਅੰਦਰ ਕਾਂਗਰਸੀ ਆਗੂਆਂ ਤੇ ਕੋਂਸਲਰਾਂ ਵਲੋਂ ਲਗਾਤਾਰ ਸਾਥ ਛੱਡਣ ਦੇ ਚੱਲਦੇ ਜੋਜੋ ਬੁਖਲਾਹਟ ਵਿਚ ਆ ਗਏ ਹਨ, ਜਿਸਦੇ ਕਾਰਨ ਉਹ ਅਜਿਹੀਆਂ ਵੀਡੀਓ ਜਾਰੀ ਕਰ ਰਹੇ ਹਨ। ’’ ਰਾਜਨ ਗਰਗ ਨੇ ਕਿਹਾ ਕਿ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਕੌਣ ਮਾੜਾ ਹੈ ਤੇ ਕੌਣ ਚੰਗਾ ਹੈ। ਜਿਸਦੇ ਨਤੀਜੇ ਵੀ ਸਭ ਦੇ ਸਾਹਮਣੇ ਹਨ। ਉਧਰ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਕਿਹਾ ਕਿ ਜੌਹਲ ਛੋਟੇਪਣ ’ਤੇ ਉਤਰ ਆਇਆ ਹੈ। ਉਸਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਬਠਿੰਡਾ ਦੇ ਕਾਂਗਰਸੀਆਂ ਨੇ ਉਸਦੇ ਬਸਤੇ ਫ਼ੜਕੇ ਚੋਣ ਜਿਤਾਈ ਤਾਂ ਹੀ ਉਹ ਕੁੱਝ ਕਰਨ ਜੋਗਾ ਹੈ ਤੇ ਜੇਕਰ ਉਸਦੇ ਵਿਚ ਹਿੰਮਤ ਹੈ ਤਾਂ ਉਹ ਹੁਣ ਕੁੱਝ ਕਰਕੇ ਦਿਖ਼ਾਵੇ।
Share the post "ਜੈਜੀਤ ਜੌਹਲ ਦੀ ਕਾਂਗਰਸੀਆਂ ਨੂੰ ਚੁਣੌਤੀ, ਜੇ ਦਮ ਹੈ ਤਾਂ ਮੇਅਰ ਨੂੰ ਗੱਦੀਓ ਉਤਾਰ ਕੇ ਦਿਖਾਓ"