ਸੈਕਟਰ ਵਾਈਜ਼ ਟੀਮਾਂ ਬਣਾ ਕੇ ਕੱਲੇ-ਕੱਲੇ ਸੈਂਟਰਾਂ ਦੀ ਕੀਤੀ ਜਾ ਰਹੀ ਹੈ ਜਾਂਚ
ਚੈਕਿੰਗ ਦਾ ਪਤਾ ਲੱਗਦੇ ਹੀ ਦਰਜ਼ਨਾਂ ਅਣਧਿਕਾਰਤ ਸੈਂਟਰ ਮਾਲਕ ਦੁਕਾਨਾਂ ਨੂੰ ਜਿੰਦਰੇ ਲਗਾ ਕੇ ਹੋਏ ਰਫ਼ੂ ਚੱਕਰ
ਸੁਖਜਿੰਦਰ ਮਾਨ
ਬਠਿੰਡਾ, 8 ਜੁਲਾਈ : ਵਿਦੇਸ ਜਾਣ ਲਈ ਨੌਜਵਾਨਾਂ ’ਚ ਵਧ ਰਹੀ ‘ਖਿੱਚ’ ਦਾ ਫ਼ਾਈਦਾ ਉਠਾ ਕੇ ਗੈਰ-ਮਾਨਤਾ ਪ੍ਰਾਪਤ ਤੇ ਅਣਧਿਕਾਰਤ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਮਾਲਕਾਂ ਦੀ ਵਧ ਰਹੀ ਠੱਗੀ ਠੋਰੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੱਡੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਠਿੰਡਾ, ਜਿਸਨੂੰ ਆਈਲੈਟਸ ਖੇਤਰ ਦਾ ਹੱਬ ਵੀ ਮੰਨਿਆਂ ਜਾਂਦਾ ਹੈ, ਵਿਚ ਪਿਛਲੇ ਤਿੰਨ ਦਿਨਾਂ ਤੋਂ ਸ਼ੁਰੂ ਹੋਈ ਇਸ ਜਾਂਚ ਦੌਰਾਨ ਸੈਕੜੇ ਗੈਰ-ਮਾਨਤਾ ਪ੍ਰਾਪਤ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਸਾਹਮਣੇ ਆਏ ਹਨ, ਜਿੰਨ੍ਹਾਂ ਵਲੋਂ ਬਿਨ੍ਹਾਂ ਲਾਇਸੰਸ ਜਾਂ ਕੋਈ ਹੋਰ ਕਾਨੂੰਨੀ ਕਾਰਵਾਈ ਪੂਰੀ ਕਰਕੇ ਦੁਕਾਨਾਂ ਦੇ ਰੂਪ ਵਿਚ ਇਹ ‘ਗੋਰਖ ਧੰਦਾ’ ਚਲਾਇਆ ਜਾ ਰਿਹਾ ਹੈ। ਸਪੋਕਸਮੈਨ ਦੀ ਟੀਮ ਵਲੋਂ ਅੱਜ ਸਥਾਨਕ ਅਜੀਤ ਰੋਡ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਨਾਲ ਜਾ ਕੇ ਵੀ ਦੇਖਿਆ ਕਿ ਇਸ ਚੈਕਿੰਗ ਦਾ ਪਤਾ ਚੱਲਦੇ ਹੀ ਦਰਜ਼ਨਾਂ ਅਣਅਧਿਕਾਰਤ ਆਈਲੈਟਸ ਤੇ ਇੰਮੀਗਰੇਸਨ ਸੈਂਟਰ ਅਪਣੀਆਂ ਇੰਨ੍ਹਾਂ ਦੁਕਾਨਨੁਮਾ ਸੰਸਥਾਵਾਂ ਨੂੰ ਜਿੰਦਰੇ ਲਗਾ ਕੇ ਪੱਤਰੇ ਵਾਚ ਗਏ। ਹਾਲਾਂਕਿ ਪ੍ਰਸ਼ਾਸਨ ਵਲੋਂ ਅਜਿਹੇ ਸੈਟਰਾਂ ਦੀ ਵੀ ਲਿਸਟ ਬਣਾਈ ਜਾ ਰਹੀ ਹੈ, ਜਿੰਨਾਂ ਵਲੋਂ ਚੈਕਿੰਗ ਦਾ ਪਤਾ ਚੱਲਦੇ ਹੀ ਅਪਣੇ ਸੈਂਟਰ ਬੰਦ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਸੌਕਤ ਅਹਿਮਤ ਪਰੇ ਨੇ ਇਸ ਚੈਕਿੰਗ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਗੈਰ-ਕਾਨੂੰਨੀ ਤੌਰ ‘ਤੇ ਆਈਲੈਟਸ ਤੇ ਇੰਮੀਗਰੇਸ਼ਨ ਸੈਟਰਾਂ ਵਿਰੁਧ ਸਖ਼ਤ ਕਾਨੂੰਨੀ ਕੀਤੀ ਜਾਵੇਗੀ। ’’ ਗੌਰਤਲਬ ਹੈ ਕਿ ਬਠਿੰਡਾ ’ਚ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਪਿਛਲੇ ਦੋ-ਤਿੰਨ ਸਾਲਾਂ ਵਿਚ ਕਰੀਬ 20 ਸੈਟਰਾਂ ਦਾ ਲਾਇਸੰਸ ਵੀ ਰੱਦ ਕੀਤਾ ਹੈ। ਜਦੋਂਕਿ ਪ੍ਰਸ਼ਾਸਨ ਕੋਲ ਜ਼ਿਲ੍ਹੇ ਵਿਚ ਕੁੱੱਲ ਮਾਨਤਾ ਪ੍ਰਾਪਤ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਦੀ ਗਿਣਤੀ 300 ਦੇ ਕਰੀਬ ਦੱਸੀ ਜਾ ਰਹੀ ਹੈ। ਇਸਦੇ ਉਲਟ ਸੈਕੜਿਆਂ ਦੀ ਤਾਦਾਦ ਵਿਚ ਇਹ ਗੈਰ-ਮਾਨਤਾ ਪ੍ਰਾਪਤ ਸੈਂਟਰ ਇਕੱਲੇ ਬਠਿੰਡਾ ਸ਼ਹਿਰ ਵਿਚ ਹੀ ਨਹੀਂ, ਬਲਕਿ ਜ਼ਿਲ੍ਹੇ ਦੇ ਛੋਟੇ-ਵੱਡੇ ਕਸਬਿਆਂ ਵਿਚ ਖੁੰਬਾਂ ਵਾਂਗ ਚੱਲ ਰਹੇ ਹਨ। ਬਠਿੰਡਾ ’ਚ ਚੈਕਿੰਗ ਕਰ ਰਹੇ ਤਹਿਸੀਲਦਾਰ ਸੰਗਤ ਗੁਰਜੀਤ ਸਿੰਘ ਨੇ ਦਸਿਆ ਕਿ ‘‘ ਉਨ੍ਹਾਂ ਵਲੋਂ ਇਕੱਲੇ ਇਕੱਲੇ ਸੈਂਟਰ ਵਿਚ ਜਾ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੀ ਸੂਚਨਾ ਮੁਤਾਬਕ ਕਾਫ਼ੀ ਸਾਰੇ ਸੈਂਟਰ ਬਿਨ੍ਹਾਂ ਲਾਇਸੰਸਾਂ ਤੋਂ ਚੱਲਦੇ ਪਾਏ ਗਏ ਹਨ। ’’ ਜਿਕਰਯੋਗ ਹੈ ਕਿ ਅਜੀਤ ਰੋਡ ਪੂਰੇ ਮਾਲਵਾ ਕੇਂਦਰ ਦਾ ਹੀ ਨਹੀਂ, ਬਲਕਿ ਦੱਖਣੀ ਹਰਿਆਣਾ ਤੇ ਰਾਜਸਥਾਨ ਦੇ ਪੰਜਾਬ ਨਾਲ ਲੱਗਦੇ ਕੁੱਝ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਲਈ ਵਿਦੇਸ਼ ਜਾਣ ਦਾ ‘ਰਾਹ’ ਬਣਿਆ ਹੋਇਆ ਹੈ। ਇੱਥੇ ਫ਼ੌਜੀ ਚੌਕ ਤੋਂ ਲੈ ਕੇ ਘੋੜੇ ਵਾਲਾ ਚੌਕ ਤੱਕ ਹਰ ਦੂਜੀ ਇਮਾਰਤ ਵਿਚ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਖੁੱਲੇ ਹੋਏ ਹਨ। ਇਸੇ ਤਰ੍ਹਾਂ ਹੁਣ ਪਿਛਲੇ ਕੁੱਝ ਸਮੇਂ ਤੋਂ ਸਥਾਨਕ 100 ਫੁੱਟੀ ’ਤੇ ਬਣੇ ਨਵੇਂ ਸੋਅਰੂਮਾਂ ਵਿਚ ਵੀ ਇਹ ਸੈਂਟਰ ਚੱਲ ਰਹੇ ਹਨ। ਗੌਰਤਲਬ ਹੈ ਕਿ ਪਿਛਲੇ ਦਿਨੀਂ ਜਲੰਧਰ ਦੇ ਇੱਕ ਏਜੰਟ ਵਲੋਂ ਗੈਰ-ਕਾਨੂੰਨੀ ਤਰੀਕੇ ਦੇ ਨਾਲ ਭੇਜੇ ਸੈਕੜੇ ਵਿਦਿਆਰਥੀਆਂ ਨੂੰ ਕੈਨੇਡਾ ਦੀ ਸਰਕਾਰ ਵਲੋਂ ਵਾਪਸ ਇੰਡੀਆ ਭੇਜਣ ਦਾ ਮਾਮਲਾ ਵੀ ਕਾਫ਼ੀ ਗਰਮਾਇਆ ਹੋਇਆ ਹੈ।
ਬਾਕਸ
ਪੈਸੇ ਬਣਾਉਣ ਦੇ ਚੱਕਰ ’ਚ ਵਿਦਿਆਰਥੀਆਂ ਨੂੰ ਕਰਦੇ ਹਨ ਗੁੰਮਰਾਹ
ਬਠਿੰਡਾ: ਜਿਕਰਯੋਗ ਹੈ ਕਿ ਇੰਨ੍ਹਾਂ ਗੈਰ ਕਾਨੂੰਨੀ ਤੌਰ ’ਤੇ ਖੁੱਲੇ ਹੋੲੈ ਸੈਟਰਾਂ ਵਿਚੋਂ ਜਿਆਦਤਰ ਉਪਰ ਪੈਸਾ ਕਮਾਉਣ ਲਈ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਦੇ ਵੀ ਦੋਸ ਲੱਗਦੇ ਆ ਰਹੇ ਹਨ। ਇੰਨ੍ਹਾਂ ਸੈਂਟਰਾਂ ਦੇ ਪ੍ਰਬੰਧਕ ਵਿਦੇਸ਼ ’ਚ ਗਲਤ ਤੇ ਗੈਰ ਮਾਨਤਾ ਪ੍ਰਾਪਤ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਦਾਖ਼ਲਾ ਦਿਵਾ ਦਿੰਦੇ ਹਨ, ਜਿਸਦੇ ਨਾਲ ਨਾ ਸਿਰਫ਼ ਉਨ੍ਹਾਂ ਦਾ ਪੈਸਾ, ਬਲਕਿ ਸਮਾਂ ਵੀ ਬਰਾਬਦ ਹੁੰਦਾ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਵਿਦੇਸ ਭੇਜਣ ਲਈ ਕਾਫ਼ੀ ਸਾਰੇ ਸੈਂਟਰ ਸੰਚਾਲਕ ਗਲਤ ਦਸਤਾਵੇਜ਼ਾਂ ਦਾ ਵੀ ਇਸਤੇਮਾਲ ਕਰਦੇ ਹਨ, ਜਿੰਨ੍ਹਾਂ ਦਾ ਖਮਿਆਜਾ ਵਿਦਿਆਰਥੀਆਂ ਨੂੰ ਵਿਦੇਸ਼ ਜਾ ਕੇ ਭੁਗਤਣਾ ਪੈਂਦਾ ਹੈ।
ਬਾਕਸ
ਰੀਪੋਰਟ ਮਿਲਣ ਤੋਂ ਬਾਅਦ ਹੋਵੇਗੀ ਵੱਡੀ ਕਾਰਵਾਈ: ਡੀਸੀ
ਬਠਿੰਡਾ: ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸ ਮੁੱਦੇ ’ਤੇ ਗੱਲਬਾਤ ਕਰਦਿਆਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਿਰਫ਼ 300 ਦੇ ਕਰੀਬ ਆਈਲੈਟਸ ਤੇ ਇੰਮੀਗਰੇਸਨ ਸੈਂਟਰ ਹੀ ਰਜਿਸਟਰਡ ਹਨ ਜਦੋਂਕਿ ਜਾਂਚ ਦੌਰਾਨ ਸਾਹਮਣੇ ਆ ਰਿਹਾ ਹੈ ਕਿ ਖੁੰਬਾਂ ਵਾਂਗ ਦੁਕਾਨਾਂ ਖੁੱਲੀਆਂ ਹੋਈਆਂ ਹਨ। ਉਨ੍ਹਾਂ ਦਸਿਆ ਕਿ ਤਹਿਸੀਲਦਾਰਾਂ ਤੇ ਥਾਣਾ ਮੁਖੀਆਂ ਦੀਆਂ ਟੀਮਾਂ ਬਣਾ ਕੇ ਕੱਲੇ-ਕੱਲੇ ਸੈਂਟਰ ਦੀ ਜਾਂਚ ਕਰਵਾਈ ਜਾ ਰਹੀ ਹੈ ਤੇ ਰੀਪੋਰਟ ਮਿਲਣ ਤੋਂ ਬਾਅਦ ਇੰਨ੍ਹਾਂ ਗੈਰ-ਮਾਨਤਾ ਪ੍ਰਾਪਤ ਸੈਂਟਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਾਕਸ
ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਦਾ ਹੈ ਸਵਾਗਤ: ਰੁਪਿੰਦਰ ਸਿੰਘ ਖ਼ਾਲਸਾ
ਬਠਿੰਡਾ: ਉਧਰ ਆਈਲੈਟਸ ਇੰਸਟੀਚਿਊਟਜ ਅਤੇ ਇੰਮੀਗਰੇਸ਼ਨ ਸੈਂਟਰ ਦੀ ਸੰਸਥਾ ਦੇ ਸੀਨੀਅਰ ਮੈਂਬਰ ਅਤੇ ਈ-ਸਕੂਲ ਦੇ ਐਮ.ਡੀ ਰੁਪਿੰਦਰ ਸਿੰਘ ਖ਼ਾਲਸਾ ਨੇ ਜ਼ਿਲ੍ਹਾ ਪ੍ਰਸਾਸਨ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਸਦੇ ਨਾਲ ਨਾ ਸਿਰਫ਼ ਜਾਇਜ ਤੇ ਕਾਨੂੰਨੀ ਤੌੌਰ ’ਤੇ ਚੱਲ ਰਹੇ ਸੈਟਰਾਂ ਨੂੰ ਰਾਹਤ ਮਿਲੇਗੀ, ਬਲਕਿ ਹਜ਼ਾਰਾਂ ਦੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਠੱਗੀ-ਠੋਰੀ ਦਾ ਸਿਕਾਰ ਹੋਣ ਤੋਂ ਬਚ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵਲੋਂ ਵੀ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਖੋਲਣ ਦਾ ਸਵਾਗਤ ਕਰਦੇ ਹਨ ਪ੍ਰੰਤੂ ਉਨ੍ਹਾਂ ਨੂੰ ਇਸਦੇ ਲਈ ਨਿਯਮਾਂ ਤਹਿਤ ਲਾਇਸੰਸ ਤੇ ਹੋਰ ਜਰੂਰੀ ਰਸਮੀ ਕਾਰਵਾਈਆਂ ਨੂੰ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
Share the post "ਠੱਗੀ ਠੋਰੀ ਦੀਆਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਗੈਰ-ਕਾਨੂੰਨੀ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਦੀ ਜਾਂਚ ਸ਼ੁਰੂ"