ਸਾਮ ਨੂੰ ਬੱਚਿਆਂ ਦੀਆਂ ਲਗਾਈਆਂ ਜਾਣ ਕੰਪਿਊਟਰ ਕਲਾਸਾਂ : ਡਿਪਟੀ ਕਮਿਸ਼ਨਰ
ਵਿਦਿਆਰਥੀ ਦਲਜੀਤ ਨੂੰ ਦਸਵੀਂ ਜਮਾਤ ਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਤੇ ਦਿੱਤਾ ਪ੍ਰਸੰਸਾ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 19 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਚਿਲਡਰਨ ਹੋਮ ਅਤੇ ਆਨੰਤ ਅਨਾਥ ਆਸ਼ਰਮ ਨਥਾਣਾ ਨਾਲ ਸਬੰਧਤ ਬਾਲ ਭਲਾਈ ਕੰਮਾਂ ਸਬੰਧੀ ਤਿਮਾਹੀ ਰੀਵਿਊ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਜਿੱਥੇ ਬੱਚਿਆਂ ਦੀ ਪੜ੍ਹਾਈ ਤੇ ਹੋਰ ਭਲਾਈ ਲਈ ਕੀਤੇ ਜਾਣ ਵਾਲੇ ਬੇਹਤਰ ਕਾਰਜਾਂ ਸਬੰਧੀ ਲੋੜੀਂਦੇ ਸੁਝਾਅ ਪ੍ਰਾਪਤ ਕੀਤੇ ਉੱਥੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬੱਚਿਆਂ ਨਾਲ ਸਬੰਧਤ ਕੋਈ ਵੀ ਕੇਸ ਬਕਾਇਆ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਬੱਚਿਆਂ ਦੀਆਂ ਕੰਪਿਊਟਰ ਕਲਾਸਾਂ ਵੀ ਲਗਾਈਆਂ ਜਾਣ ਤਾਂ ਜੋ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼੍ਰੀ ਆਨੰਤ ਆਸ਼ਰਮ ਨਥਾਣਾ ਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਦਲਜੀਤ ਸਿੰਘ ਨੂੰ ਦਸਵੀਂ ਜਮਾਤ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਤੇ ਪ੍ਰਸੰਸਾ ਪੱਤਰ ਤੇ ਮੁਬਾਰਕਬਾਦ ਦਿੰਦਿਆਂ ਉਸ ਦੇ ਸੁਨਿਹਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਦਿਆਂ ਹੌਂਸਲਾ-ਅਫ਼ਜਾਈ ਵੀ ਕੀਤੀ।