ਪੰਜਾਬੀ ਖ਼ਬਰਸਾਰ ਬਿਉਰੋ
ਦਿੱਲੀ, 19 ਜੁਲਾਈ: ਸਾਥੀਆਂ ਲਾਲ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੱਜ ਇੰਦਰਾ ਗਾਂਧੀ ਇੰਟਰਨੈਸਨਲ ਏਅਰਪੋਰਟ ਦਿੱਲੀ ਉਪਰ ਮੁੜ ਤੀਜੀ ਵਾਰ ਉਸਦੇ ਦੇਸ ਇੰਗਲੈਂਡ ਵਾਪਸ ਜਾਣ ਤੋਂ ਰੋਕ ਦਿੱਤਾ ਹੈ। ਪਤਾ ਚੱਲਿਆ ਹੈ ਕਿ ਪਹਿਲਾਂ ਉਸਨੇ 14 ਜੁਲਾਈ ਨੂੰ ਟਿਕਟ ਕਰਵਾਈ ਸੀ ਪ੍ਰੰਤੂ ਉਸ ਦਿਨ ਉਸਨੂੰ ਕੁੱਝ ਦਿਨ ਇੰਤਜ਼ਾਰ ਕਰਨ ਲਈ ਕਿਹਾ ਸੀ, ਜਿਸਤੋਂ ਬਾਅਦ ਮੁੜ ਉਸਦੀ ਫ਼ਲਾਈਟ ਅੱਜ ਦੇ ਦਿਨ ਬੁੱਕ ਸੀ। ਇਸਤੋਂ ਇਲਾਵਾ 20 ਅਪ੍ਰੈਲ ਨੂੰ ਉਸਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਇੰਗਲੈਂਡ ਜਾਣ ਤੋਂ ਰੋਕਿਆ ਗਿਆ ਸੀ। ਕਿਰਨਦੀਪ ਕੌਰ ਤੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਲੰਘੀ 10 ਫ਼ਰਵਰੀ ਨੂੰ ਹੋਇਆ ਸੀ ਤੇ ਉਹ ਜਨਵਰੀ ਦੇ ਅਖ਼ੀਰ ਵਿਚ ਇੰਗਲੈਂਡ ਤੋਂ ਭਾਰਤ ਪੁੱਜੀ ਸੀ। ਕਿਰਨਦੀਪ ਕੌਰ ਇੰਗਲੈਂਡ ਦੀ ਨਾਗਰਿਕ ਹੈ ਤੇ ਉਥੇ ਦੇ ਨਿਯਮਾਂ ਮੁਤਾਬਕ ਉਹ 6 ਮਹੀਨਿਆਂ ਤੋਂ ਵੱਧ ਦੇਸ ਤੋਂ ਬਾਹਰ ਨਹੀਂ ਰਹਿ ਸਕਦੀ ਹੈ। ਜਿਕਰਯੋਗ ਹੈ ਕਿ ਇਸ ਦੌਰਾਨ 18 ਮਾਰਚ ਨੂੰ ਪੰਜਾਬ ਪੁਲਿਸ ਨੇ ਕੇਂਦਰ ਦੀ ਸੁਰੱਖਿਆ ਏਜੰਸੀਆਂ ਦੀ ਸਹਾਇਤਾ ਨਾਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੀ ਜਥੇਬੰਦੀ ਵਿਰੁਧ ਵੱਡਾ ਅਪਰੇਸ਼ਨ ਚਲਾਇਆ ਸੀ, ਹਾਲਾਂਕਿ ਇਸ ਅਪਰੇਸ਼ਨ ਦੌਰਾਨ ਸੈਕੜਿਆਂ ਦੀ ਤਾਦਾਦ ਵਿਚ ਜਥੇਬੰਦੀ ਦੇ ਕਾਰਕੁੰਨ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਭਾਈ ਅੰਮ੍ਰਿਪਾਲ ਸਿੰਘ ਤੇ ਉਸਦੇ ਸਾਥੀ ਪਪਲਪ੍ਰੀਤ ਸਿੰਘ ਕਿਸੇ ਤਰ੍ਹਾਂ ਬਚ ਕੇ ਨਿਕਲ ਵਿਚ ਸਫ਼ਲ ਰਹੇ ਸਨ। ਇਸ ਦੌਰਾਨ ਪੁਲਿਸ ਨੇ ਪਪਲਪ੍ਰੀਤ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਪ੍ਰੰਤੂ ਭਾਈ ਅੰਮ੍ਰਿਤਪਾਲ ਸਿੰਘ ਨੇ 23 ਅਪ੍ਰੈਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਪਿੰਡ ਰੋਡੇ ਵਿਖੇ ਆਮਤਸਮਰਪਣ ਕਰ ਦਿੱਤਾ ਸੀ ਜਦੋਂਕਿ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸਤੋਂ ਬਾਅਦ ਉਸੋਨੂੰ ਐਨ.ਐਸ.ਏ ਦੇ ਦੋਸ਼ਾਂ ਹੇਠ ਡਿਬਰੂਗੜ੍ਹ ਜੇਲ੍ਹ ਵਿਚ ਭੇਜ ਦਿੱਤਾ ਸੀ, ਜਿੱਥੇ ਅੱਧੀ ਦਰਜ਼ਨ ਦੇ ਕਰੀਬ ਹੋਰ ਸਾਥੀ ਵੀ ਬੰਦ ਸਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਕਿਰਨਦੀਪ ਕੌਰ ਕਈ ਵਾਰ ਡਿਬਰੂਗੜ੍ਹ ਜੇਲ੍ਹ ’ਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਕੇ ਵੀ ਆਈ ਹੈ ਤੇ ਇਸ ਦੌਰਾਨ ਕੁੱਝ ਦਿਨ ਪਹਿਲਾਂ ਕਿਰਨਦੀਪ ਕੌਰ ਨੇ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਦੇ ਦੋਸਾਂ ਹੇਠ ਜੇਲ੍ਹ ਵਿਚ ਭੁੱਖ ਹੜਤਾਲ ਕਰਨ ਬਾਰੇ ਖੁਲਾਸਾ ਕੀਤਾ ਸੀ। ਉਧਰ ਕਿਰਨਦੀਪ ਕੌਰ ਦੇ ਹਵਾਲੇ ਨਾਲ ਦਸਿਆ ਜਾ ਰਿਹਾ ਹੈ ਕਿ ਉਸਨੂੰ ਵਿਦੇਸ ਜਾਣ ਤੋਂ ਰੋਕਣ ਪਿੱਛੇ ਭਾਰਤੀ ਏਜੰਸੀਆਂ ਤੇ ਪੰਜਾਬ ਪੁਲਿਸ ਵਲੋਂ ਕੋਈ ਕਾਰਨ ਨਹੀਂ ਦਸਿਆ ਜਾ ਰਿਹਾ ਹੈ। ਬਲਕਿ ਚਰਚਾ ਇਹ ਹੈ ਕਿ ਇੰਗਲੈਂਡ ਵਿਚ ਕੁੱਝ ਦਿਨ ਪਹਿਲਾਂ ਰਹੱਸਮਈ ਹਾਲਾਤਾਂ ’ਚ ਮ੍ਰਿਤਕ ਪਾਏ ਗਏ ਵੱਖਵਾਦੀ ਆਗੂ ਅਵਤਾਰ ਸਿੰਘ ਖੰਡਾ ਦੀਆਂ ਅੰਤਿਮ ਰਸਮਾਂ ਵਿਚ ਕਿਰਨਦੀਪ ਕੌਰ ਦੇ ਪੁੱਜਣ ਅਤੇ ਉਸ ਵਲੋਂ ਉਥੇ ਭਾਸਣ ਦੇਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਸਨੂੰ ਰੋਕਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਬੀ ਕਿਰਨਦੀਪ ਕੌਰ ਨੇ ਏਜੰਸੀਆਂ ਨੂੰ ਦਸਿਆ ਹੈ ਕਿ ਉਹ ਇੰਗਲੈਂਡ ਪੱਕੇ ਤੌਰ ’ਤੇ ਨਹੀਂ ਬਲਕਿ ਅਪਣੇ ਪ੍ਰਵਾਰ ਨੂੰ ਮਿਲਣ ਕੁੱਝ ਦਿਨਾਂ ਲਈ ਜਾ ਰਹੀ ਹੈ ਤੇ ਮੁੜ ਵਾਪਸ ਭਾਰਤ ਆਵੇਗੀ।
Share the post "ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਮੁੜ ਵਿਦੇਸ ਜਾਣ ਤੋਂ ਰੋਕਿਆ"