ਹਰ 15 ਦਿਨਾਂ ਬਾਅਦ ਐਸ.ਐਚ.ਓ ਨੇ ਕਰਨਾ ਹੁੰਦਾ ਹੈ ਰਿਕਾਰਡ ਚੈਕ, ਡੀਐਸਪੀ ਵੀ ਕਰਦਾ ਹੈ ਕਿ ਮਾਲਖ਼ਾਨਾ ਚੈਕ
ਥਾਣੇ ਵਿਚੋਂ 13 ਹਥਿਆਰ ਤੇ ਸੈਂਕੜੇ ਕਾਰਤੂਸ਼ਾਂ ਤੋਂ ਇਲਾਵਾ ਸਵਾ ਸੱਤ ਲੱਖ ਦੀ ਨਗਦੀ ਵੀ ਹੋਈ ਗਾਇਬ
ਪੁਲਿਸ ਜਾਂਚ ’ਚ ਨਾ ਕਿਸੇ ਥਾਣਾ ਮੁਖੀ ਤੇ ਨਾ ਹੀ ਡੀਐਸਪੀ ਦੀ ਲਾਪਰਵਾਹੀ ਆਈ ਸਾਹਮਣੇ
ਸੁਖਜਿੰਦਰ ਮਾਨ
ਬਠਿੰਡਾ, 28 ਨਵੰਬਰ: ਪਿਛਲੇ ਕਰੀਬ 6 ਮਹੀਨਿਆਂ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੇ ਆ ਰਹੇ ਥਾਣਾ ਦਿਆਲਪੁਰਾ ਵਿਚੋਂ ਹਥਿਆਰ, ਕਾਰਤੂਸ਼ਾਂ ਅਤੇ ਲੱਖਾਂ ਦੀ ਨਗਦੀ ਗਾਇਬ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਇਕੱਲੇ ਇੱਕ ਮੁਨਸ਼ੀ ’ਤੇ ਪਰਚਾ ਦੇ ਕੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿਚ ਕੁੱਝ ਸਮਾਂ ਪਹਿਲਾਂ ਥਾਣੇ ਦੇ ਮੁਨਸ਼ੀ ਵਜੋਂ ਕੰਮ ਕਰਨ ਵਾਲੇ ਹੌਲਦਾਰ ਸੰਦੀਪ ਸਿੰਘ ਵਿਰੁਧ ਥਾਣਾ ਦਿਆਲਪੁਰਾ ਵਿਖੇ ਧਾਰਾ 409 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਸੰਦੀਪ ਸਿੰਘ ਪਹਿਲਾਂ ਹੀ ਭਗੋੜਾ ਚੱਲ ਰਿਹਾ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਐਸਐਸਪੀ ਵਲੋਂ ਬਣਾਈ ਵਿਸੇਸ ਜਾਂਚ ਟੀਮ ਨੇ ਮੁਨਸ਼ੀ ਤੋ ਇਲਾਵਾ ਕਿਸੇ ਹੋਰ ਅਧਿਕਾਰੀ ਵੱਲ ਉਂਗਲ ਨਹੀਂ ਕੀਤੀ ਹੈ। ਹਾਲਾਂਕਿ ਪੁਲਿਸ ਦੇ ਨਿਯਮਾਂ ਮੁਤਾਬਕ ਥਾਣਾ ਮੁਖੀ ਨੇ ਵੀ ਹਰ 15 ਦਿਨ ਵਿਚ ਅਪਣੇ ਥਾਣੇ ਦਾ ਰਿਕਾਰਡ ਚੈੌਕ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਹਲਕਾ ਡੀਐਸਪੀ ਵਲੋਂ ਵੀ ਤਿੰਨ ਮਹੀਨਿਆਂ ਦੇ ਅੰਦਰ ਇੱਕ ਵਾਰ ਥਾਣੇ ਦੀ ਚੈਕਿੰਗ ਕਰਨੀ ਹੁੰਦੀ ਹੈ। ਜਿਸਦੇ ਚੱਲਦੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਥਾਣਾ ਮੁਖੀਆਂ ਤੇ ਡੀਐਸਪੀਜ਼ ਦੁਆਰਾ ਇਹ ਚੈਕਿੰਗਾਂ ਕਾਗਜ਼ਾਂ ਦੇ ਵਿਚ ਹੀ ਕੀਤੀਆਂ ਗਈਆਂ,ਕਿਉਂਕਿ ਉਕਤ ਇਕੱਲੇ ਥਾਣੇ ਵਿਚੋਂ 13 ਲਾਇਸੈਂਸੀ ਹਥਿਆਰ(ਜਿੰਨ੍ਹਾਂ ਵਿਚੋਂ 4 ਕੇਸ ਪ੍ਰਾਪਟੀ ਨਾਲ ਸਬੰਧਤ ਥਾਣੇ ਵਿਚ ਰੱਖੇ ਹੋਏ ਅਤੇ 9 ਹਥਿਆਰ ਆਮ ਲੋਕਾਂ ਦੁਆਰਾ ਚੋਣਾਂ ਕਾਰਨ ਥਾਣੇ ਵਿਚ ਜਮ੍ਹਾਂ ਕਰਵਾਏ ਹੋਏ ਸਨ), 7 ਲੱਖ 20 ਰੁਪਏ ਦੀ ਡਰੱਗ ਮਨੀ ਤੇ ਸੈਕੜੇ ਕਾਰਤੂਸ ਗ਼ਾਇਬ ਹਨ। ਜਿਕਰ ਕਰਨਾ ਬਣਦਾ ਹੈ ਕਿ ਥਾਣੇ ਵਿਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਸਭ ਤੋਂ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਸੀ ਜਦ ਬਠਿੰਡਾ ਦੇ ਸੀਆਈਏ ਸਟਾਫ਼ ਵਲੋਂ 27 ਮਈ 2022 ਨੂੰ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਨਸ਼ਾ ਤਸਕਰ ਕੋਲੋ ਪੁਲਿਸ ਨੂੰ ਇੱਕ ਰਿਵਾਲਵਰ ਵੀ ਬਰਾਮਦ ਹੋਇਆ ਸੀ, ਜਿਸਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹ ਥਾਣਾ ਦਿਆਲਪੁਰਾ ਅਧੀਨ ਆਉਂਦੇ ਇੱਕ ਵਿਅਕਤੀ ਦਾ ਨਿਕਲਿਆ। ਜਦ ਉਸ ਕੋਲੋ ਪੁਛਪੜਤਾਲ ਕੀਤੀ ਗਈ ਤਾਂ ਉਸਨੇ ਖ਼ੁਲਾਸਾ ਕੀਤਾ ਕਿ ਇਹ ਹਥਿਆਰ ਤਾਂ ਉਸਨੇ ਥਾਣੇ ਵਿਚ ਜਮ੍ਹਾਂ ਕਰਵਾਇਆ ਹੋਇਆ ਪਰ ਜਦ ਥਾਣੇ ਦੇ ਮਾਲ ਖ਼ਾਨੇ ਦੀ ਜਾਂਚ ਕੀਤੀ ਤਾਂ ਇੱਥੋਂ ਇਹ ਹਥਿਆਰ ਗਾਇਬ ਸੀ। ਜਿਸਤੋਂ ਬਾਅਦ ਥਾਣੇ ਦੇ ਮਾਲਖਾਨੇ ਵਿਚ ਜਬਤ ਤੇ ਰੱਖੀਆਂ ਹੋਈਆਂ ਹਰ ਵਸਤਾਂ ਦੀ ਪੜਤਾਲ ਵਿੱਢੀ ਗਈ ਤੇ ਪੜਤਾਲ ਦੌਰਾਨ ਹੁਣ ਤੱਕ 13 ਹਥਿਆਰ ਗਾਇਬ ਪਾਏ ਗਏ ਹਨ। ਬੇਸ਼ੱਕ ਇਸ ਮਾਮਲੇ ਵਿਚ ਪੁਲਿਸ ਵਲੋਂ ਮੁਢਲੀ ਪੜਤਾਲ ਦੌਰਾਨ ਦੋਸ਼ੀ ਪਾਏ ਗਏ ਮੁਨਸ਼ੀ ਸੰਦੀਪ ਸਿੰਘ ਵਿਰੁਧ ਪਰਚਾ ਦਰਜ਼ ਕਰਕੇ ਵੱਡਾ ਕਦਮ ਚੁੱਕਿਆ ਹੈ ਪ੍ਰੰਤੂ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਥਾਣਾ ਮੁਖੀਆਂ ਤੇ ਹੋਰਨਾਂ ਉਚ ਅਧਿਕਾਰੀਆਂ ਵਿਰੁਧ ਰੱਖਿਆ ਜਾ ਨਰਮਗੋਸ਼ਾ ਉਨ੍ਹਾਂ ਦੀ ਕਾਰਵਾਈ ’ਤੇ ਸਵਾਲੀਆਂ ਨਿਸ਼ਾਨ ਲਗਾਉਂਦਾ ਹੈ ?
Share the post "ਥਾਣੇ ਵਿਚੋਂ ‘ਹਥਿਆਰ’ ਗਾਇਬ ਦਾ ਮਾਮਲਾ: ਇਕੱਲੇ ਮੁਨਸ਼ੀ ’ਤੇ ਪਰਚਾ, ਹੋਰ ਨਹੀਂ ਹੈ ਕੋਈ ਜਿੰਮੇਵਾਰ ?"