ਭਲਕੇ, 30 ਨਵੰਬਰ ਨੂੰ ਗੱਜ-ਵੱਜ ਕੇ ਮੁੱਖ ਮੰਤਰੀ ਦੀ ਕੋਠੀ ਮੂਹਰੇ ਸੰਗਰੂਰ ਪੁੱਜਣ ਦਾ ਕੀਤਾ ਐਲਾਨ
3 ਦਸੰਬਰ ਨੂੰ ਬਠਿੰਡਾ ਪੁੱਜ ਰਹੇ ਸੂਬਾਈ ਜੱਥਾ ਮਾਰਚ ਦਾ ਭਰਵੇਂ ਇਕੱਠਾਂ ਰਾਹੀਂ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ’ਤੇ ਜਿਲ੍ਹੇ ਦੇ ਦਰਜਨਾਂ ਪਿੰਡਾਂ ਚੋਂ ਪੁੱਜੇ ਸੈਂਕੜੇ ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ’ਚ ਇਸਤਰੀਆਂ ਵੀ ਸ਼ਾਮਲ ਸਨ, ਨੇ ਅੱਜ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਕਿਰਤੀ ਦੋਖੀ ਨੀਤੀਆਂ ਖਿਲਾਫ਼ ਜ਼ੋਰਦਾਰ ਰੋਸ ਧਰਨਾ ਮਾਰਿਆ। ਅਧਿਕਾਰੀਆਂ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਿਆ ਜ਼ਰੀਏ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਲੰਘੇ ਸਾਲ ’ਚ ਹੋਏ ਨਰਮਾ-ਕਪਾਹ ਦੀ ਫਸਲ ਦੇ ਖਰਾਬੇ ਦੇ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਕਿਰਤੀ ਪਰਿਵਾਰਾਂ ਨੂੰ ਵੀ ਫੌਰੀ ਮੁਆਵਜ਼ਾ ਦਿੱਤਾ ਜਾਵੇ ਅਤੇ ਮੌਜੂਦਾ ਸਾਲ ਚਿੱਟੇ ਮੱਛਰ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਪਰਿਵਾਰਾਂ ਨੂੰ ਵੀ ਦਿੱਤਾ ਜਾਵੇ।ਧਰਨਾਕਾਰੀਆਂ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਹਾਜ਼ਰ ਕਿਰਤੀਆਂ ਨੂੰ ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰ ਕੇ ਕਿਰਤੀ ਮੰਗਾਂ ਦਾ ਯੋਗ ਨਬੇੜਾ ਕਰਨ ਤੋਂ ਮੁੱਕਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕੁੰਡਾ ਖੜਕਾਉਣ ਲਈ ’ਪੇਂਡੂ ’ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਦੇ ਸੱਦੇ ’ਤੇ ਭਲਕੇ 30 ਨਵੰਬਰ ਨੂੰ ਪਰਿਵਾਰਾਂ ਸਮੇਤ ਸੰਗਰੂਰ ਪੁੱਜਣ ਦੀ ਅਪੀਲ ਕੀਤੀ।ਸੂਬਾਈ ਆਗੂ ਨੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜੱਥਾ ਮਾਰਚ ਦੇ 3 ਦਸੰਬਰ ਨੂੰ ਬਠਿੰਡਾ ਪਹੁੰਚਣ ’ਤੇ ਵੱਖੋ-ਵੱਖ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਕਿਰਤੀ ਇਕੱਠਾਂ ਵਿੱਚ ਭਾਰੀ ਗਿਣਤੀ ਵਿੱਚ ਪਹੁੰਚਣ ਦਾ ਵੀ ਸੱਦਾ ਦਿੱਤਾ। ਸਾਥੀ ਮਹੀਪਾਲ ਨੇ 30 ਦਸੰਬਰ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਮਾਲਵਾ ਜ਼ੋਨ ਦੀ ਮਜ਼ਦੂਰ ਅਧਿਕਾਰ ਰੈਲੀ ਦੀ ਲਾਮਿਸਾਲ ਕਾਮਯਾਬੀ ਲਈ ਤਨ ਮਨ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।ਭਰਾਤਰੀ ਜੱਥੇਬੰਦੀ ਔਰਤ ਮੁਕਤੀ ਮੋਰਚਾ ਦੀ ਸੂਬਾਈ ਆਗੂ ਦਰਸ਼ਨਾ ਜੋਸ਼ੀ ਨੇ ਵੀ ਸੰਬੋਧਨ ਕੀਤਾ। ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਦਰਸ਼ਨ ਸਿੰਘ ਬਾਜਕ, ਮੱਖਣ ਸਿੰਘ ਪੂਹਲੀ, ਉਮਰਦੀਨ ਜੱਸੀ ਬਾਗ਼ ਵਾਲੀ, ਮੇਜਰ ਸਿੰਘ ਤੁੰਗਵਾਲੀ, ਜੋਗਿੰਦਰ ਸਿੰਘ ਕਲਿਆਣ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ ਅਤੇ ਹੋਰਨਾਂ ਨੇ ਵੀ ਵਿਚਾਰ ਰੱਖੇ।
ਦਿਹਾਤੀ ਮਜ਼ਦੂਰ ਸਭਾ ਨੇ ਮੁਆਵਜ਼ੇ ਦੀ ਕਾਣੀ ਵੰਡ ਖਿਲਾਫ਼ ਦਿੱਤਾ ਰੋਸ ਧਰਨਾ
9 Views