ਸੁਖਜਿੰਦਰ ਮਾਨ
ਨਵੀਂ ਦਿੱਲੀ, 25 ਮਾਰਚ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁਧ 33 ਸਾਲ ਪੁਰਾਣੇ ਚੱਲ ਰਹੇ ਰੋਡਰੇਜ਼ ਮਾਮਲੇ ਨੂੰ ਅੱਜ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ ਵਿੱਚ ਹੁਣ 12 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਵੇਗੀ। ਇਸ ਕੇਸ ਵਿਚ ਪੀੜਤ ਧਿਰ ਵਲੋਂ ਨਵਜੋਤ ਸਿੰਘ ਸਿੱਧੂ ਵਿਰੁਧ ਨਜਰਸ਼ਾਨੀ ਪਿਟੀਸ਼ਨ ਪਾਈ ਹੋਈ ਹੈ। ਗੌਰਤਲਬ ਹੈ ਕਿ ਪਟਿਆਲਾ ਵਿਚ 1988 ’ਚ ਵਾਪਰੇ ਇਸ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨਾਲ ਪਾਰਕਿੰਗ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇੱਕ ਬਜੁਰਗ ਦੀ ਮੌਤ ਹੋ ਗਈ ਸੀ। ਮਿ੍ਰਤਕ ਬਜ਼ੁਰਗ ਦੇ ਪ੍ਰਵਾਰ ਵਾਲਿਆਂ ਨੇ ਸਿੱਧੂ ਉਪਰ ਕੁੱਟਮਾਰ ਕਰਕੇ ਮਾਰਨ ਦੇ ਦੋਸ਼ ਲਗਾਏ ਸਨ। ਇਸ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਮਾਣਯੋਗ ਹਾਈਕੋਰਟ ਨੇ 2006 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਦੋਸ਼ੀ ਠਹਿਰਾਉਂਦਿਆਂ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਿਸਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਅਪੀਲ ’ਤੇ ਸੁਪਰੀਮ ਕੋਰਟ ਨੇ ਇਸ ਕੇਸ ਵਿਚ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਪ੍ਰੰਤੂ ਪੀੜਤ ਧਿਰ ਨੇ ਸੁਪਰੀਮ ਕੋਰਟ ਦੇ ਫੈਸਲੇ ਵਿਰੁਧ 2018 ਵਿਚ ਰਿਵੀਓ ਪਿਟੀਸ਼ਨ ਦਾਈਰ ਕਰ ਦਿੱਤੀ ਸੀ। ਜਿਕਰਯੋਗ ਹੈ ਕਿ ਵਿਰੋਧੀ ਧਿਰਾਂ ਪਹਿਲਾਂ ਹੀ ਇਸ ਮਾਮਲੇ ਨੂੰ ਚੁੱਕ ਰਹੀਆਂ ਹਨ ਤੇ ਜੇਕਰ 12 ਅਪ੍ਰੈਲ ਨੂੰ ਸਿੱਧੂ ਵਿਰੁਧ ਕੋਈ ਫੈਸਲਾ ਆਉਂਦਾ ਹੈ ਤਾਂ ਉਨ੍ਹਾਂ ਦੀਆਂ ਸਿਆਸੀ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।
ਨਵਜੋਤ ਸਿੰਘ ਵਿਰੁਧ ਰੋਡਰੇਜ ਮਾਮਲਾ: ਸੁਪਰੀਮ ਕੋਰਟ ਵਲੋਂ ਫੈਸਲਾ ਸੁਰੱਖਿਅਤ
11 Views