ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਾਇਮਰੀ ਅਧਿਆਪਕਾਂ ਨੂੰ ਜਨਵਰੀ ਅਤੇ ਫਰਵਰੀ2022 ਮਹੀਨੇ ਦੀ ਤਨਖ਼ਾਹ ਲਈ ਵਿਭਾਗ ਕੋਲ ਬਜਟ ਦੀ ਘਾਟ ਹੋਣ ਕਰਕੇ ਨਹੀਂ ਮਿਲ ਸਕੀ। ਜਿਸਦੇ ਵਿਰੋਧ ਵਿਚ ਅਧਿਆਪਕ ਜਥੇਬੰਦੀਆਂ ਨੇ ਭਲਕੇ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀਆਂ ਜ਼ਿਲ੍ਹਾ ਇਕਾਈ ਮਾਨਸਾ, ਸੰਗਰੂਰ ਅਤੇ ਬਠਿੰਡਾ ਦੇ ਆਗੂਆਂ ਨੇ ਦਸਿਆ ਕਿ ਇਸ ਸਬੰਧ ਵਿਚ ਕਈ ਵਾਰ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਤੋਂ ਤਨਖਾਹਾਂ ਲਈ ਲੋੜੀਂਦਾ ਬਜਟ ਦੀ ਮੰਗ ਜੱਥੇਬੰਦੀ ਦੇ ਮੰਗ ਪੱਤਰਾਂ ਰਾਹੀਂ ਕੀਤੀ ਗਈ ਹੈ।ਸੰਗਰੂਰ ਜ਼ਿਲ੍ਹਾ ਇਕਾਈ ਵੱਲੋਂ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਦੀ ਪ੍ਰਧਾਨਗੀ ਵਿਚ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਜੀ ਰਾਹੀਂ ਵੀ ਸਰਕਾਰ ਨੂੰ ਤਨਖਾਹਾਂ ਲਈ ਬਜਟ ਜਾਰੀ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਹੈ ਪ੍ਰੰਤੂ ਬਜਟ ਜਾਰੀ ਨਹੀਂ ਹੋਇਆ।ਬਠਿੰਡਾ ਜ਼ਿਲ੍ਹਾ ਦੇ ਪ੍ਰਧਾਨ ਰੇਸ਼ਮ ਸਿੰਘ,ਸਕੱਤਰ ਬਲਜਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਜਸਵਿੰਦਰ ਬਠਿੰਡਾ, ਅਤੇ ਨਵਚਰਨਪ੍ਰੀਤ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਹੋਰਨਾਂ ਸਰਕਾਰੀ ਸਮਾਗਮਾਂ ਲਈ ਕਰੋੜਾਂ ਰੁਪਏ ਦੇ ਬਜਟ ਜਾਰੀ ਕਰ ਰਹੀ ਹੈ ਤਾਂ ਅਧਿਆਪਕਾਂ ਦੀ ਤਨਖਾਹ ਲਈ ਬਜਟ ਜਾਰੀ ਕਿਉਂ ਨਹੀਂ ਕੀਤਾ ਜਾ ਰਿਹਾ ? ਉਨ੍ਹਾਂ ਕਿਹਾ ਕਿ ਹਰ ਸਾਲ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਅਧਿਆਪਕਾਂ ਨੇ ਆਮਦਨ ਕਰ ,ਮਕਾਨ ਲਈ ਲਏ ਕਰਜ਼ਿਆਂ ਦੀਆਂ ਕਿਸ਼ਤਾਂ ,ਬਜੁਰਗ ਮਾਪਿਆਂ ਦੇ ਇਲਾਜ ਉੱਪਰ ਖਰਚ ਸਮੇਤ ਹੋਰ ਘਰੇਲੂ ਖਰਚ ਕਰਨੇ ਹੁੰਦੇ ਹਨ।ਸਰਕਾਰ ਵੱਲੋਂ ਤਨਖਾਹ ਦਾ ਪ੍ਰਬੰਧ ਨਾ ਕਰਨ ਕਾਰਨ ਅਧਿਆਪਕ ਆਰਥਿਕ ਤੰਗੀ ਵਿੱਚੋਂ ਗੁਜ਼ਰ ਰਹੇ ਹਨ । ਅਧਿਆਪਕ ਜਥੇਬੰਦੀ ਡੀ ਟੀ ਐਫ ਦੀ ਅਗਵਾਈ ਹੇਠ ਭਲਕੇ ਤਿੰਨ ਵਜੇ ਅੰਬੇਦਕਰ ਪਾਰਕ ਮਿੰਨੀ ਸਕੱਤਰੇਤ ਬਠਿੰਡਾ ਵਿਖੇ ਜਿਲ੍ਹਾ ਪੱਧਰੀ ਇਕੱਠੇ ਹੋ ਕੇ ਆਪਣੇ ਰੋਸ ਦਾ ਮੁਜਹਾਰਾ ਕਰਨਗੇ।
ਨਵੀਂ ਸਰਕਾਰ ਆਉਣ ’ਤੇ ਵੀ ਅਧਿਆਪਕਾਂ ਨੂੰ ਨਹੀਂ ਮਿਲੀ ਪੁਰਾਣੀ ਤਨਖਾਹ
10 Views