ਜਲਦੀ ਹੀ ਗਿ੍ਰਫਤਾਰ ਕਰਨ ਦੀਆਂ ਕੰਨਸੋਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਦਸੰਬਰ: ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੀ ਸਿਆਸਤ ’ਚ ਬਹੁ ਚਰਚਿਤ ਨਸ਼ਾ ਤਸਕਰੀ ਦੇ ਮਾਮਲੇ ਵਿਚ ਸਰਕਾਰਾਂ ’ਤੇ ਲੱਗ ਰਹੇ ਦੋਸ਼ਾਂ ਤੋਂ ਬਾਅਦ ਆਖ਼ਰਕਾਰ ਬੀਤੀ ਦੇਰ ਰਾਤ ਪੰਜਾਬ ਪੁਲਿਸ ਦੀ ਬਿਊਰੋ ਆਫ ਇਨਵੈਸਟੀਗੇਸਨ ਨੇ ਥਾਣਾ ਬਨੂੜ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠਿਆ ਵਿਰੁਧ ਮੁਕੱਦਮਾ ਦਰਜ਼ ਕਰ ਲਿਆ ਹੈ। ਚਰਚਾ ਮੁਤਾਬਕ ਸ: ਮਜੀਠਿਆ ਨੂੰ ਗਿ੍ਰਫਤਾਰ ਕਰਨ ਲਈ ਪੰਜਾਬ ਪੁਲਿਸ ਸਰਗਰਮ ਹੋ ਗਈ ਹੈ ਤੇ ਕਦੇ ਵੀ ਉਨ੍ਹਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖ਼ਬਰ ਸਾਹਮਣੇ ਆ ਸਕਦੀ ਹੈ। ਮਜੀਠਿਆ ਦੀ ਗਿ੍ਰਫਤਾਰੀ ਤੋਂ ਬਾਅਦ ਚੰਨੀ ਸਰਕਾਰ ਜਨਤਾ ਸਾਹਮਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਐਲਾਨ ਕਰ ਸਕਦੀ ਹੈ। ਦਸਣਾ ਬਣਦਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਕਾਲੀਆਂ ਵਿਰੁਧ ਬੇਅਦਬੀ ਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਗਿ੍ਰਫਤਾਰ ਨਾ ਕਰਨ ਦੇ ਦੋਸ਼ਾਂ ਚੱਲਦੇ ਹਟਾਇਆ ਗਿਆ ਸੀ। ਕੈਪਟਨ ਨੂੰ ਹਟਾਉਣ ਦੇ ਬਾਵਜੂਦ ਹੁਣ ਤੱਕ ਇਹ ਕਾਰਵਾਈ ਨਾ ਹੋਣ ਦੇ ਚੱਲਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਹਿਤ ਵਿਰੋਧੀਆਂ ਵਲੋਂ ਚੰਨੀ ਸਰਕਾਰ ’ਤੇ ਉਗਲਾਂ ਚੁੱਕੀਆਂ ਜਾ ਰਹੀਆਂ ਸਨ। ਉਧਰ ਪੁਲਿਸ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਬੀਤੀ ਰਾਤ ਮਜੀਠਿਆ ਵਿਰੁਧ ਦਰਜ਼ ਕੀਤੀ ਗਈ ਐਫ਼.ਆਈ.ਆਰ ਉਸੇ ਕੇਸ ਨਾਲ ਜੁੜੀ ਹੋਈ ਹੈ, ਜਿਸ ਸਬੰਧ ਵਿਚ 11 ਨਵੰਬਰ 2013 ਨੂੰ 29 ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿਚ ਦਰਜ਼ ਕੀਤੀ ਗਈ ਸੀ। ਇਸ ਮਾਮਲੇ ਵਿਚ ਜਗਦੀਸ਼ ਭੋਲਾ ਸਹਿਤ 50 ਬੰਦੇ ਗਿ੍ਰਫਤਾਰ ਕੀਤੇ ਗਏ ਸਨ। ਜਗਦੀਸ ਭੋਲਾ ਨੇ ਹੀ ਬਾਦਲ ਸਰਕਾਰ ਸਮੇਂ ਇੱਕ ਪੇਸ਼ੀ ਦੌਰਾਨ ਬਿਕਰਮ ਸਿੰਘ ਮਜੀਠਿਆ ਦਾ ਨਾਮ ਲਿਆ ਸੀ। ਹਾਲਾਂਕਿ ਇਸ ਮਾਮਲੇ ਵਿਚ ਅਕਾਲੀ ਸਰਕਾਰ ਵਲੋਂ ਜਾਂਚ ਕੀਤੀ ਗਈ ਸੀ ਪ੍ਰੰਤੂ ਇਸ ਜਾਂਚ ਵਿਚ ਬਿਕਰਮ ਸਿੰਘ ਮਜੀਠਿਆ ਨੂੰ ਕਲੀਨ ਚਿੱਟ ਮਿਲ ਗਈ ਸੀ। ਬਾਅਦ ਵਿਚ ਕੈਪਟਨ ਸਰਕਾਰ ਸਮੇਂ ਵੀ ਇਸ ਕੇਸ ਵਿਚ ਕੁੱਝ ਨਹੀਂ ਹੋਇਆ ਪ੍ਰੰਤੂ ਹੁਣ ਸਰਕਾਰ ਉਪਰ ਕੁੱਝ ਕਰਨ ਦਾ ਦਬਾਅ ਸੀ। ਜਿਸਦੇ ਚੱਲਦੇ ਪਿਛਲੇ ਦਿਨੀਂ ਡੀਜੀਪੀ ਆਈਪੀਐਸ ਸਹੋਤਾ ਦੀ ਥਾਂ ਐਸ. ਚੱਟੋਪਾਧਿਆਏ ਨੂੰ ਲਗਾਇਆ ਸੀ।
ਨਸ਼ਾ ਤਸਕਰੀ ਦੇ ਮਾਮਲੇ ’ਚ ਬਿਕਰਮ ਮਜੀਠਿਆ ਵਿਰੁਧ ਕੇਸ ਦਰਜ਼
5 Views