ਨਵਜੋਤ ਸਿੱਧੂ ਮਜੀਠਿਆ ਨੂੰ ਜੇਲ੍ਹ ਭੇਜਣ ਵਿਚ ਹੋਇਆ ਸਫ਼ਲ
ਸੁਖਜਿੰਦਰ ਮਾਨ
ਚੰਡੀਗੜ੍ਹ, 24 ਫਰਵਰੀ: ਨਸ਼ਿਆਂ ਦੇ ਮਾਮਲੇ ‘ਚ ਫ਼ੌਜਦਾਰੀ ਕੇਸ ਦਾ ਸਾਹਮਣਾ ਕਰਨ ਵਾਲੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਆਖ਼ਰਕਾਰ ਹੁਣ ਜੇਲ੍ਹ ’ਚ ਜਾਣਾ ਪੈ ਰਿਹਾ ਹੈ। ਪੁਲਿਸ ਵਿਭਾਗ ਵਲੋਂ ਉਨ੍ਹਾਂ ਦੇ ਮੈਡੀਕਲ ਕਰਵਾਉਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦੇ ਰਹਿਣ ਲਈ ਜੇਲ੍ਹ ਵਿਭਾਗ ਵਲੋਂ ਇੰਤਜਾਮ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਮਜੀਠਿਆ ਦੇ ਚਰਚਿਤ ਸਿਆਸਤਦਾਨ ਤੇ ਵੱਖਰਾ ਕੇਸ ਹੋਣ ਕਾਰਨ ਜੇਲ੍ਹ ਵਿਚ ਵੀ ਉਨ੍ਹਾਂ ਦੀ ਸੁਰੱਖਿਆ ਦਾ ਵਿਸੇਸ ਖਿਆਲ ਰੱਖਿਆ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਵਿਸੇਸ ਜਾਂਚ ਟੀਮ ਵਲੋਂ ਉਨ੍ਹਾਂ ਦੇ ਵਿਰੁਧ ਦਸੰਬਰ ਮਹੀਨੇ ’ਚ ਦਰਜ਼ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਵਿਚ ਸੁਪਰੀਮ ਕੋਰਟ ਦੀਆਂ ਹਿਦਾਇਤਾਂ ’ਤੇ ਸ: ਮਜੀਠਿਆ ਵਲੋਂ ਅੱਜ ਮੁਹਾਲੀ ਦੀ ਸਥਾਨਕ ਸੈਸਨ ਕੋਰਟ ਵਿਚ ਜੱਜ ਐਸ.ਕੇ.ਸਿੰਗਲਾ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਗਿਆ ਸੀ। ਇਸ ਦੌਰਾਨ ਵਿਸੇਸ ਜਾਂਚ ਟੀਮ ਵਲੋਂ ਕਰੀਬ ਇੱਕ ਘੰਟੇ ਦੀ ਪੁਛਪੜਤਾਲ ਕੀਤੀ ਗਈ ਪ੍ਰੰਤੂ ਟੀਮ ਵਲੋਂ ਸੰਤੁਸ਼ਟ ਨਾ ਹੋਣ ’ਤੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਪੁਲਿਸ ਰਿਮਾਂਰ ਦੀ ਥਾਂ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਆਦੇਸ ਦਿੱਤੇ ਸਨ। ਗੌਰਤਲਬ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਵਿਰੁਧ ਨਸ਼ਾ ਤਸਕਰੀ ਦੇ ਕਥਿਤ ਮਾਮਲੇ ਵਿਚ ਕਾਰਵਾਈ ਲਈ ਮੁਹਿੰਮ ਵਿੱਢੀ ਹੋਈ ਸੀ ਜਦੋਂਕਿ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ’ਤੇ ਸਿਆਸੀ ਲਾਹਾ ਲੈਣ ਵਾਸਤੇ ਮਜੀਠਿਆ ਵਿਰੁਧ ਝੂਠਾ ਸਿਆਸੀ ਕੇਸ ਦਰਜ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਉਜ ਅੱਜ ਮੋਹਾਲੀ ਅਦਾਲਤ ਵਲੋਂ ਮਜੀਠਿਆ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਦਿੱਤੇ ਹੁਕਮ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਲਈ ਵੱਡੇ ਝਟਕੇ ਵਾਲੇ ਹਨ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਮਜੀਠਿਆ ਦੇ ਵਕੀਲਾਂ ਵਲੋਂ ਉਨ੍ਹਾਂ ਦੀ ਜਮਾਨਤ ਲਈ ਵੀ ਦਸਤਾਵੇਜ਼ ਤਿਆਰ ਕਰ ਲਏ ਹਨ ਤੇ ਭਲਕੇ ਅਦਾਲਤ ਵਿਚ ਇਸ ’ਤੇ ਸੁਣਵਾਈ ਹੋਵੇਗੀ। ਦਸਣਾ ਬਣਦਾ ਹੈ ਕਿ 20 ਦਸੰਬਰ ਨੂੰ ਮੋਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਬਿਕਰਮ ਸਿੰਘ ਮਜੀਠਿਆ ਵਲੋਂ ਪਹਿਲਾਂ ਸੈਸਨ ਕੋਰਟ ਤੇ ਬਾਅਦ ਵਿਚ ਹਾਈਕੋਰਟ ਵਿਚ ਜਮਾਨਤ ਦੀ ਅਰਜੀ ਲਗਾਈ ਸੀ। ਹਾਈਕੋਰਟ ਤੋਂ ਬਾਅਦ ਉਹ ਸੁਪਰੀਮ ਕੋਰਟ ਵਿਚ ਪੁੱਜੇ ਸਨ, ਜਿੱਥੇ ਮਾਣਯੋਗ ਅਦਾਲਤ ਨੇ ਮਜੀਠੀਆ ਨੂੰ ਚੋਣਾਂ ਲੜਣ ਲਈ 23 ਫਰਵਰੀ ਤਕ ਰਾਹਤ ਦਿੰਦਿਆਂ ਉਸ ਤੋਂ ਬਾਅਦ ਆਤਮ-ਸਮਰਪਣ ਕਰਨ ਦੇ ਹੁਕਮ ਦਿੱਤੇ ਸਨ।
ਬਾਕਸ
ਅੰਮਿ੍ਰਤਸਰ ਪੂਰਬੀ ਵਿਚ ਮਜੀਠਿਆ ਤੇ ਸਿੱਧੂ ਹਨ ਆਹਮੋ-ਸਾਹਮਣੇ
ਚੰਡੀਗੜ੍ਹ: ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਵਿਚਕਾਰ ਚੱਲ ਰਹੀ ਸਿਆਸੀ ਦੁਸ਼ਮਣੀ ਇਸ ਕਦਰ ਵਧ ਗਈ ਹੈ ਦੋਨੋਂ ਅੰਮਿ੍ਰਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਆਹਮੋ ਸਾਹਮਣੇ ਹਨ। ਇਸ ਸੀਟ ਉਪਰ ਦੋਨਾਂ ਆਗੂਆਂ ਦਾ ਵਕਾਰ ਇਸ ਕਦਰ ਦਾਅ ’ਤੇ ਲੱਗਿਆ ਹੋਇਆ ਹੈ ਕਿ ਉਹ ਦੋਨੋਂ ਇਸ ਹਲਕੇ ਨੂੰ ਛੱਡ ਕੇ ਕਿਧਰੇ ਵੀ ਚੋਣ ਪ੍ਰਚਾਰ ਲਈ ਬਾਹਰ ਨਹੀਂ ਜਾ ਸਕੇ ਸਨ।
ਪਟਿਆਲਾ ਜੇਲ੍ਹ ’ਚ ਰਾਤ ਕੱਟਣਗੇ ਮਜੀਠਿਆ
28 Views