ਪਟਿਆਲੇ ’ਚ ਸਥਿਤੀ ਸ਼ਾਂਤ ਹੋਈ, ਪੁਲਿਸ ਵਲੋਂ ਮੁਸਤੈਦੀ ਜਾਰੀ
ਸੁਖਜਿੰਦਰ ਮਾਨ
ਪਟਿਆਲਾ, 1 ਮਈ : ਸਥਾਨਕ ਸ਼ਹਿਰ ਵਿਖੇ ਸਿਵ ਸੈਨਾ ਵਲੋਂ ਖ਼ਾਲਿਸਤਾਨੀ ਵਿਰੋਧੀ ਮਾਰਚ ਕੱਢਣ ਦੇ ਐਲਾਨ ਨੂੰ ਲੈ ਕੇ ਹੋਈ ਹਿੰਸਾ ਦੇ ਮਾਮਲੇ ਵਿਚ ਅੱਜ ਪੁਲਿਸ ਨੇ ਬਰਜਿੰਦਰ ਸਿੰਘ ਪਰਵਾਨਾ ਸਹਿਤ ਅੱਧੀ ਦਰਜ਼ਨ ਹੋਰ ਮੁਜਰਮਾਂ ਨੂੰ ਗਿ੍ਰਫਤਾਰ ਕਰ ਲਿਆ। ਇਸਦੀ ਜਾਣਕਾਰੀ ਦਿੰਦਿਆਂ ਆਈ.ਜੀ ਮੁਖ਼ਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ, ਐਸ.ਐਸ.ਪੀ ਦੀਪਕ ਪਾਰਿਕ ਆਦਿ ਨੇ ਦਸਿਆ ਕਿ ਹੁਣ ਤੱਕ ਇਸ ਹਿੰਸਾ ਦੇ ਮਾਮਲੇ ਵਿਚ ਅੱਧੀ ਦਰਜ਼ਨ ਮੁਕੱਦਮੇ ਦਰਜ਼ ਕਰਕੇ 9 ਮੁਜ਼ਰਮਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਵੇਗਾ। ਆਈ.ਜੀ ਨੇ ਦਸਿਆ ਕਿ ਇਸ ਘਟਨਾ ਦੇ ਪ੍ਰਮੁੱਖ ਪਾਤਰ ਮੰਨੇ ਜਾਂਦੇ ਬਰਜਿੰਦਰ ਸਿੰਘ ਪਰਵਾਨਾ ਨੂੰ ਮੁਹਾਲੀ ਤੋਂ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਸਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਕਾਂਡ ਦਾ ਇੱਕ ਹੋਰ ਕਥਿਤ ਮੁੱਖ ਦੋਸ਼ੀ ਹਰੀਸ ਸਿੰਗਲਾ ਪਹਿਲਾਂ ਹੀ ਗਿ੍ਰਫਤਾਰ ਕੀਤਾ ਗਿਆ ਹੈ। ਜਦੋਂਕਿ ਉਸਦੇ ਸਹਿਯੋਗੀ ਮੰਨੇ ਜਾਂਦੇ ਸਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸੰਕਰ ਭਾਰਦਵਾਜ ਤੇ ਗੱਗੀ ਪੰਡਿਤ ਸਹਿਤ ਦਵਿੰਦਰ ਸਿੰਘ ਆਦਿ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ। ਆਈਜੀ ਛੀਨਾ ਨੇ ਦੱਸਿਆ ਕਿ ਐਸਐਸਪੀ ਦੀਪਕ ਪਾਰਿਖ ਦੀ ਅਗਵਾਈ ਵਿਚ ਪਟਿਆਲਾ ਪੁਲਿਸ ਦੀਆਂ 20 ਵਿਸੇਸ ਟੀਮਾਂ ਬਣਾਈਆਂ ਗਈਆਂ ਹਨ, ਜੋ ਕਥਿਤ ਦੋਸ਼ੀਆਂ ਨੂੰ ਫ਼ੜਣ ਲਈ ਪੰਜਾਬ ਭਰ ਵਿਚ ਛਾਪੇਮਾਰੀ ਕਰ ਰਹੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਮਾਹੌਲ ਖ਼ਰਾਬ ਕਰਨ ਵਾਲੀ ਕੋਈ ਵੀ ਖ਼ਬਰ ਪ੍ਰਕਾਸ਼ਤ ਨਾ ਕੀਤੀ ਜਾਵੇ, ਬਲਕਿ ਉਸਦੀ ਸਚਾਈ ਬਾਰੇ ਜਰੂਰ ਪੂਸ਼ਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਸੋਸਲ ਮੀਡੀਆ ’ਤੇ ਪ੍ਰਕਾਸਤ ਹੋਣ ਵਾਲੀ ਸਮੱਗਰੀ ਨੂੰ ਵਾਚਣ ਲਈ ਇਕ ਟੀਮ ਵੀ ਬਣਾਈ ਗਈ ਹੈ। ਇਸ ਮੌਕੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਵੀ ਹਾਜ਼ਰ ਰਹੇ। ਇੱਥੇ ਦਸਣਾ ਬਣਦਾ ਹੈ ਕਿ ਪਟਿਆਲਾ ਹਿੰਸਾ ਵਿਚ ਦੋ ਫ਼ਿਰਕਿਆਂ ਵਿਚ ਤਨਾਅ ਪੈਦਾ ਹੋ ਗਿਆ ਸੀ ਤੇ ਦੋਨਾਂ ਧਿਰਾਂ ਵਿਚਕਾਰ ਹੋਏ ਵਿਵਾਦ ਕਾਰਨ ਪੁਲਿਸ ਨੂੰ ਹਿੰਸਾ ਰੋਕਣ ਲਈ ਹਵਾਈ ਫਾਈਰਿੰਗ ਵੀ ਕਰਨੀ ਪਈ ਸੀ ਇਸ ਕਾਂਡ ਵਿਚ ਕੁੱਝ ਵਿਅਕਤੀ ਜਖ਼ਮੀ ਵੀ ਹੋ ਗਏ ਸਨ। ਵਿਰੋਧੀ ਪਾਰਟੀਆਂ ਨੇ ਪਟਿਆਲਾ ਕੇਸ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਸੀ।
Share the post "ਪਟਿਆਲਾ ਹਿੰਸਾ: ਪੁਲਿਸ ਵਲੋਂ ਬਰਜਿੰਦਰ ਸਿੰਘ ਪਰਵਾਨਾ ਸਹਿਤ ਅੱਧੀ ਦਰਜ਼ਨ ਮੁਜਰਮ ਕਾਬੂ"