ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ ਨੰਦਗੜ੍ਹ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ (ਈ.ਈ.ਪੀ.) ਮਿਸ਼ਨ ਲਾਈਫ਼ ਤਹਿਤ ’ਟਿਕਾਊ ਵਾਤਾਵਰਨ ਦੀ ਸਿਰਜਣਾ’ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਸਾਂਝੀ ਪਹਿਲਕਦਮੀ ਸੀ। ਪ੍ਰੋਗਰਾਮ ਦੀ ਸ਼ੁਰੂਆਤ ਟਿਕਾਊ ਵਾਤਾਵਰਣ ਬਾਰੇ ਜਾਗਰੂਕਤਾ ਮੁਹਿੰਮ ਨਾਲ ਕੀਤੀ ਗਈ, ਜਿਸ ਤਹਿਤ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਇੱਕ ਰੈਲੀ ਕੱਢੀ ਗਈ ਜਿਸ ਨੂੰ ਪੀ.ਆਈ.ਟੀ. ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਪਿੰਡ ਦੇ ਵੱਖ-ਵੱਖ ਹਿਸਿਆਂ ਵਿਚੋਂ ਹੋ ਕੇ ਵਾਪਿਸ ਕਾਲਜ ਕੈਂਪਸ ਵਿਚ ਸਮਾਪਤ ਹੋਈ। ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਮਾਡਲ ਮੇਕਿੰਗ ਅਤੇ ਬੇਸਟ ਆਊਟ ਆਫ ਵੇਸਟ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਪੀ.ਆਈ.ਟੀ. ਨੰਦਗੜ੍ਹ ਦੇ ਡਾਇਰੈਕਟਰ ਪ੍ਰੋ.ਆਰ.ਕੇ.ਬਾਂਸਲ ਨੇ ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਸ਼ੂਗਰਫੈੱਡ ਐਡਵੋਕੇਟ ਨਵਦੀਪ ਜੀਦਾ ਨੇ ਵਾਤਾਵਰਨ ਨੂੰ ਬਚਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਸਹਾਇਕ ਪ੍ਰੋਫੈਸਰ (ਕੈਮਿਸਟਰੀ) ਡਾ. ਮੀਨੂੰ ਵੱਲੋਂ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਵਾਤਾਵਰਣ ’ਤੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ’ਪਲਾਸਟਿਕ ਦੀ ਸਿੰਗਲ ਵਰਤੋਂ’ ਵਿਸ਼ੇ ’ਤੇ ਇੱਕ ਮਾਹਿਰ ਲੈਕਚਰ ਦਿੱਤਾ ਗਿਆ। ਇਸ ਮੌਕੇ ਪੀ.ਆਈ.ਟੀ. ਨੰਦਗੜ੍ਹ ਦਾ ਪਹਿਲਾ ਛਿਮਾਹੀ ਨਿਊਜ਼ਲੈਟਰ, ਪੀ.ਆਈ.ਟੀ.ਐਨ.-ਨਿਊਜ਼ ਐਂਡ ਵਿਊਜ਼ ਵੀ ਜਾਰੀ ਕੀਤਾ ਗਿਆ। ਵੱਖ-ਵੱਖ ਮੁਕਾਬਲਿਆਂ ਅਤੇ ਰੈਲੀ ਵਿਚ ਭਾਗ ਲੈਣ ਵਾਲਿਆਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਪੀ.ਆਈ.ਟੀ. ਨੰਦਗੜ੍ਹ ਵਿਖੇ ਮਿਸ਼ਨ ਲਾਈਫ ਪ੍ਰੋਗਰਾਮ ਦਾ ਆਯੋਜਨ
9 Views