ਮਾਮਲਾ ਬਠਿੰਡਾ ਜੇਲ੍ਹ ’ਚ ਕੈਦੀਆਂ ਵੱਲੋਂ ਵੀਡੀਓ ਬਣਾ ਕੇ ਜੇਲ੍ਹ ਅਧਿਕਾਰੀਆਂ ਉੱਪਰ ਦੋਸ਼ ਲਗਾਉਣ ਦਾ
ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੀਤਾ ਨਾਮਜ਼ਦ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਲੰਘੀ 8 ਅਪ੍ਰੈਲ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚੋਂ ਕੈਦੀਆਂ ਦੁਆਰਾ ਜੇਲ੍ਹ ਅਧਿਕਾਰੀਆਂ ਉਪਰ ਲਗਾਏ ਗੰਭੀਰ ਦੋਸ਼ਾਂ ਦੀ ਵੀਡੀਓ ਵਾਈਰਲ ਹੋਣ ਦੇ ਮਾਮਲੇ ਵਿਚ ਹੁਣ ਕੈਦੀਆਂ ਤੋਂ ਪੁੱਛਗਿਛ ਤੋਂ ਬਾਅਦ ਇੱਕ ਜੇਲ੍ਹ ਵਾਰਡਨ ਗ੍ਰਿਫ਼ਤਾਰ ਕੀਤਾ ਹੈ, ਜਿਸਦੇ ਉਪਰ ਕੈਦੀਆਂ ਨੂੰ ਜੇਲ ਅੰਦਰ ਸਹੂਲਤਾਂ ਦੇਣ ਲਈ ਵੀਹ ਹਜ਼ਾਰ ਰੁਪਏ ਲੈਣ ਦੇ ਦੋਸ਼ ਲੱਗੇ ਹਨ। ਐਸ.ਐਸ.ਪੀ ਗੁਲਨੀਤ ਸਿੰਘ ਖਰਾਣਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਜੇਲ ਵਾਰਡਨ ਵਿਰੁਧ ਭ੍ਰਿਸਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪੁਲਿਸ ਹੁਣ ਤੱਕ ਇਸ ਮਾਮਲੇ ਵਿਚ 14 ਕੈਦੀਆਂ ਤੋ ਪੁੱਛਗਿਛ ਕਰ ਚੁੱਕੀ ਹੈ। ਇੱਥੇ ਦੱਸਣਾ ਬਣਦਾ ਹੈ ਕਿ 8 ਅਪ੍ਰੈਲ ਨੂੰ ਜੇਲ੍ਹ ’ਚੋਂ ਇੱਕ ਦਰਜ਼ਨ ਕੈਦੀਆਂ ਨੇ ਵੀਡੀਓ ਵਾਈਰਲ ਕਰਕੇ ਜੇਲ੍ਹ ਅਧਿਕਾਰੀਆਂ ਉਪਰ ਗੰਭੀਰ ਆਰੋਪ ਲਗਾਏ ਸਨ ਕਿ ਜੇਲ੍ਹ ਵਿਚ ਸਰੇਆਮ ਭ੍ਰਿਸਟਾਚਾਰ ਹੁੰਦਾ ਹੈ ਤੇ ਜੇਲ੍ਹ ਅਧਿਕਾਰੀ ਇਸਦੇ ਬਦਲੇ ਪੈਸੇ ਲੈਂਦੇ ਹਨ। ਇੰਨ੍ਹਾਂ ਕੈਦੀਆਂ ਨੇ ਵੀਡੀਓ ਵਿਚ ਬਠਿੰਡਾ ਜੇਲ੍ਹ ਦੇ ਚਾਰ ਅਧਿਕਾਰੀਆਂ ਦਾ ਨਾਮ ਵੀ ਲਿਆ ਸੀ। ਹਾਲਾਂਕਿ ਇਹ ਵੀਡੀਓ 8 ਅਪ੍ਰੈਲ ਨੂੰ ਵਾਇਰਲ ਹੁੰਦੀ ਹੈ ਪਰੰਤੂ ਵੀਡੀਓ ਬਣਾਉਣ ਦਾ ਪਤਾ ਚੱਲਦੇ ਹੀ ਥਾਣਾ ਕੈਂਟ ਦੀ ਪੁਲਸ ਨੇ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਉਪਰ 4 ਅਪ੍ਰੈਲ ਨੂੰ ਇੱਕ ਦਰਜ਼ਨ ਕੈਦੀਆਂ ਵਿਰੁਧ ਪਰਚਾ ਦਰਜ਼ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦਾ ਜਿੰਮਾ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਥਾਣਾ ਕੈਂਟ ਅਤੇ ਸੀਆਈਏ ਸਟਾਫ਼ ਨੂੰ ਦਿੱਤਾ ਸੀ, ਜਿੰਨ੍ਹਾਂ ਵੀਡੀਓ ’ਚ ਦਿਖ਼ਾਈ ਦੇ ਰਹੇ ਕੈਦੀਆਂ ਨੂੰ ਅਦਾਲਤ ਦੀ ਇਜ਼ਾਜਤ ਤੋਂ ਬਾਅਦ 16 ਅਪ੍ਰੈਲ ਨੂੰ ਪੁਛਗਿਛ ਲਈ ਪ੍ਰੋਡਕਸ਼ਨ ਵਰੰਟ ਉਪਰ ਲਿਆਂਦਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਕੈਦੀਆਂ ਕੋਲੋ ਵੀਡੀਓ ਰਾਹੀ ਉਨ੍ਹਾਂ ਵਲੋਂ ਲਗਾਏ ਗਏ ਦੋਸ਼ਾਂ, ਜੇਲ੍ਹ ’ਚ ਮੋਬਾਇਲ ਫ਼ੋਨ ਉਪਲਬਧ ਹੋਣ ਅਤੇ ਅੱਗੇ ਵੇਚਣ ਦੇ ਸਾਰੇ ਨੈਟਵਰਕ ਬਾਰੇ ਪੁਛਗਿਛ ਕੀਤੀ ਗਈ ਸੀ। ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਕੈਦੀਆਂ ਦੀ ਪੁਛਗਿਛ ਤੋਂ ਬਾਅਦ ਸਿਰਫ਼ ਜੇਲ ਦੇ ਇਕ ਵਾਰਡਰਬਲਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਹੈ, ਜਿਸ ਨੂੰ ਇਸ ਮੁਕੱਦਮੇ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਾਕਸ
ਗੈਂਗਸਟਰਾਂ ਵੱਲੋਂ ਜੇਲ੍ਹ ’ਤੇ ਹਮਲੇ ਦੀ ਇਨਪੁਟ ਤੋਂ ਬਾਅਦ ਪੁਲਿਸ ਵਲੋਂ ਸੁਰੱਖਿਆ ਮਜਬੂਤ, ਜੇਲ ਦੀ ਕੀਤੀ ਸਰਚ
ਬਠਿੰਡਾ: ਉਧਰ ਕੈਨੇਡਾ ’ਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਦੇ ਗਰੁੱਪ ਵਲੋਂ ਜੇਲ੍ਹਾਂ ’ਚ ਬੰਦ ਅਪਣੇ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਸਾਲ 2016 ਦੀ ਤਰਜ਼ ’ਤੇ ਜੇਲ੍ਹਾਂ ਉਪਰ ਹਮਲਾ ਕਰਨ ਦੀਆਂ ਖੁਫ਼ੀਆਂ ਰੀਪੋਰਟਾਂ ਮਿਲਣ ਤੋਂ ਬਾਅਦ ਅੱਜ ਬਠਿੰਡਾ ਪੁਲਿਸ ਵਲੋਂ ਵੱਡੀ ਗਿਣਤੀ ’ਚ ਸਥਾਨਕ ਕੇਂਦਰੀ ਜੇਲ੍ਹ ਦੀ ਸਰਚ ਕੀਤੀ ਗਈ। ਇਸਦੀ ਪੁਸ਼ਟੀ ਕਰਦਿਆਂ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਬੇਸ਼ੱਕ ਸਰਚ ਦੌਰਾਨ ਜੇਲ੍ਹ ਵਿਚੋਂ ਕੁੱਝ ਨਹੀਂ ਮਿਲਿਆ ਪ੍ਰੰਤੂ ਜੇਲ੍ਹ ਅਧਿਕਾਰੀਆਂ ਨਾਲ ਮਿਲਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹਨ।
Share the post "ਪੈਸਿਆਂ ਬਦਲੇ ਕੈਦੀਆਂ ਨੂੰ ਜੇਲ੍ਹ ਚ ਸਹੂਲਤਾਂ ਮੁਹਈਆ ਕਰਵਾਉਣ ਵਾਲਾ ਜੇਲ ਵਾਰਡਰ ਗ੍ਰਿਫਤਾਰ"