ਸੁਖਜਿੰਦਰ ਮਾਨ
ਬਠਿੰਡਾ, 3 ਮਈ : ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਲਈ ਮਿਤੀ 2 ਮਈ, 2022 ਨੂੰ ਦੋ ਵਿਸ਼ੇਸ਼ ਭਾਸ਼ਣਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਸਾਹਿਤਕ ਯੂ-ਟਿਊਬ ਚੈਨਲ ਸੁਖ਼ਨਲੋਕ ਦੇ ਰੂਹੇ-ਰਵਾਂ ਪ੍ਰੋ. ਕੁਲਵੀਰ ਗੋਜਰਾ ਅਤੇ ਉੱਘੇ ਭਾਸ਼ਾ ਵਿਗਿਆਨੀ ਅਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਸ੍ਰੀ ਮੁਕਤਸਰ ਸਾਹਿਬ, ਦੇ ਪ੍ਰੋਫ਼ੈਸਰ ਅਤੇ ਸਾਬਕਾ ਡਾਇਰੈਕਟਰ ਡਾ. ਪਰਮਜੀਤ ਸਿੰਘ ਢੀਂਗਰਾ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਪਿੰਡ ਘੁੱਦਾ ਵਿਖੇ ਸਥਿਤ ਮੇਨ ਕੈਂਪਸ ਵਿਖੇ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਆਪਣੇ ਮੁਲਵਾਨ ਵਿਚਾਰ ਸਾਂਝੇ ਕੀਤੇ।ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਪ੍ਰੋ. ਕੁਲਵੀਰ ਗੋਜਰਾ ਨੇ ‘ਆਧੁਨਿਕ ਪੰਜਾਬੀ ਕਾਵਿ-ਸਿਰਜਣਾ ਦੇ ਆਧਾਰ’ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਕਵੀ ਪੂਰਨ ਰੂਪ ਵਿੱਚ ਆਪਣੇ ਆਲੇ ਦੁਆਲੇ ਤੋਂ ਸੁਤੰਤਰ ਨਹੀਂ ਹੋ ਸਕਦਾ, ਇਸ ਲਈ ਕਵਿਤਾ ਨੂੰ ਸਮਝਣ ਲਈ ਉਸਦੇ ਪਿੱਛੇ ਪਏ ਵਿਚਾਰਧਾਰਾਈ ਵਰਤਾਰਿਆਂ ਨੂੰ ਜਾਣਨਾ ਤੇ ਸਮਝਣਾ ਬਹੁਤ ਜ਼ਰੂਰੀ ਹੈ। ਪੰਜਾਬੀ ਆਲੋਚਨਾ ਨੇ ਬਹੁਤ ਕੁਝ ਪੱਛਮੀ ਚਿੰਤਨ ਪ੍ਰਣਾਲੀਆਂ ਤੋਂ ਗ੍ਰਹਿਣ ਕੀਤਾ ਹੈ, ਪ੍ਰੰਤੂ ਇਸਦੇ ਬਾਵਜੂਦ ਪੰਜਾਬੀ ਜਾਂ ਭਾਰਤੀ ਸੰਦਰਭ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਨੂੰ ਇੱਥੋਂ ਦੇ ਪਰਿਪੇਖ ਤੇ ਪ੍ਰਸੰਗ ਵਿੱਚ ਹੀ ਸਮਝਣ ਦੀ ਜਰੂਰਤ ਹੈ। ਇਸੇ ਲਈ ਆਧੁਨਿਕ, ਆਧੁਨਿਕਤਾ, ਆਧੁਨਿਕਤਾਵਾਦ ਵਰਗੇ ਸੰਕਲਪ ਵੀ ਵੱਖੋ-ਵੱਖਰੇ ਸਮਾਜਾਂ ਵਿੱਚ ਵੱਖੋ-ਵੱਖਰੇ ਅਰਥ ਰੱਖਦੇ ਹਨ। ਪ੍ਰੋ. ਕੁਲਵੀਰ ਗੋਜਰਾ ਨੇ ਵਿਦਿਆਰਥੀਆਂ ਨੂੰ ਪਾਠਕ ਅਤੇ ਆਲੋਚਕ ਦੇ ਤੌਰ ਤੇ ਆਪਣੀ ਵਿਸ਼ੇਸ਼ ਪਹੁੰਚ ਵਿਕਸਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕਿਸੇ ਰਚਨਾ ਨੂੰ ਪੜ੍ਹਦੇ ਹੋਏ ਉਸ ਬਾਰੇ ਪਹਿਲਾਂ ਪ੍ਰਚਲਿਤ ਧਾਰਨਾਵਾਂ ਤੋਂ ਸੁਤੰਤਰ ਹੋ ਕੇ ਪੜ੍ਹਨ-ਸੋਚਣ ਨਾਲ ਹੀ ਕੋਈ ਨਵੇਂ ਵਿਚਾਰ ਸਾਹਮਣੇ ਆ ਸਕਦੇ ਹਨ।
ਦੂਜੇ ਵਿਸ਼ੇਸ਼ ਭਾਸ਼ਣ ਵਿੱਚ ਪ੍ਰੋ. ਪਰਮਜੀਤ ਸਿੰਘ ਢੀਂਗਰਾ ਨੇ ‘ਧਾਤੂਆਂ ਤੋਂ ਸ਼ਬਦ ਉਤਪਤੀ ਦਾ ਸਫਰ‘ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮੱਧਕਾਲੀ ਪੰਜਾਬੀ ਸਾਹਿਤ ਵਿੱਚ ਮੌਜੂਦ ਗੁਰਬਾਣੀ ਦੇ ਬਹੁ-ਭਾਸ਼ਾਈ ਮਾਡਲ ਦੇ ਹਵਾਲੇ ਨਾਲ ਵੱਖ ਵੱਖ ਭਾਸ਼ਾਵਾਂ ਤੋਂ ਆਏ ਸ਼ਬਦਾਂ ਪ੍ਰਤੀ ਵਰਤਮਾਨ ਮਨੁੱਖ ਦੇ ਮਨਾਂ ਵਿੱਚ ਪੈਦਾ ਹੁੰਦੇ ਤੌਖਲੇ ਨੂੰ ਦੂਰ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਗ੍ਰਹਿਣ ਨਾਲ ਕਦੇ ਵੀ ਕਿਸੇ ਭਾਸ਼ਾ ਦਾ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਉਹ ਵਧੇਰੇ ਸਮਰਿੱਧ ਹੁੰਦੀ ਹੈ। ਸਮੱਸਿਆਂ ਤਾਂ ਉਦੋਂ ਪੈਦਾ ਹੁੰਦੀ ਹੈ, ਜੇ ਕੋਈ ਭਾਸ਼ਾ ਕਿਸੇ ਹੋਰ ਭਾਸ਼ਾ ਦੀ ਵਾਕ ਬਣਤਰ ਅਪਣਾ ਲਵੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਪੁਰਤਗਾਲੀ, ਸੰਸਕਿ੍ਰਤ, ਫਾਰਸੀ, ਪ੍ਰਾਕਿਤ ਅਤੇ ਅਪਭ੍ਰੰਸਾਂ ਆਦਿ ਅਨੇਕ ਭਾਸ਼ਾਵਾਂ ਵਿਚੋਂ ਆਈ ਹੈ ਅਤੇ ਪੰਜਾਬੀ ਦੇ ਵਿਸ਼ਾਲ ਸ਼ਬਦ-ਭੰਡਾਰ ਵਿਚਲੇ ਲੱਖਾਂ ਸ਼ਬਦ ਸਾਡੀਆਂ ਉਪ-ਭਾਸ਼ਾਵਾਂ ਤੇ ਉਪ-ਬੋਲੀਆਂ ਵਿੱਚ ਪਏ ਹੋਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਗਰੇਜੀ ਦੇ ਗਲੋਬਲ ਭਾਸ਼ਾ ਬਣਨ ਦਾ ਕਾਰਨ ਹੀ ਇਹੀ ਹੈ ਕਿ ਉਹ ਆਪਣੀ ਸਰੋਤ ਭਾਸ਼ਾਵਾਂ ਗਰੀਕ ਅਤੇ ਰੋਮਨ ਦੇ ਨਾਲ ਨਾਲ ਲਗਭਗ 300 ਭਾਸ਼ਾਵਾਂ ਦੇ ਸ਼ਬਦ ਆਪਣੇ ਵਿੱਚ ਸਾਂਭੀ ਬੈਠੀ ਹੈ ਤੇ ਰੋਜ਼ਾਨਾ ਅਨੇਕਾਂ ਹੋਰਨਾਂ ਭਾਸ਼ਾਵਾਂ ਦੇ ਨਵੇਂ ਸ਼ਬਦ ਅਪਣਾ ਰਹੀ ਹੈ। ਪ੍ਰੋ.ਪਰਮਜੀਤ ਸਿੰਘ ਢੀਂਗਰਾ ਨੇ ਵੱਖ ਵੱਖ ਸ਼ਬਦਾਂ ਦੇ ਉਦਾਹਰਣ ਦੇ ਕੇ ਸ਼ਬਦਾਂ ਦੀ ਵਿਸ਼ਵ-ਵਿਆਪੀ ਯਾਤਰਾ ਦੀ ਚਰਚਾ ਕੀਤੀ ਅਤੇ ਇਹ ਸਾਰ ਤੱਤ ਪੇਸ਼ ਕੀਤਾ ਕਿ ਇਨ੍ਹਾਂ ਦੀਆਂ ਧਾਤੂਆਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਅਤੇ ਸ਼ਬਦਾਂ ਦੀਆਂ ਜੜ੍ਹਾਂ ਵੱਲ ਧਿਆਨ ਦਿੱਤਿਆਂ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਸ਼ਬਦਾਂ ਨਾਲ ਅਖਾਣ, ਮੁਹਾਵਰੇ ਅਤੇ ਸਭਿਆਚਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਸ਼ਬਦਾਂ ਦਾ ਆਪਣਾ ਅਰਥ ਨਹੀਂ ਹੁੰਦਾ ਬਲਕਿ ਉਹ ਕਿਸੇ ਖਾਸ ਸਮਾਜ ਸਭਿਆਚਾਰ ਦੇ ਸੰਦਰਭ ਵਿੱਚ ਅਰਥ ਗ੍ਰਹਿਣ ਕਰਦੇ ਹਨ।ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਰਮਨਪ੍ਰੀਤ ਕੌਰ ਨੇ ਪ੍ਰੋਗਰਾਮ ਦੇ ਉਦੇਸ਼ ਬਾਰੇ ਸੰਖੇਪ ਵਿੱਚ ਦੱਸਿਆ ਅਤੇ ਵਿਭਾਗ ਦੇ ਮੁਖੀ ਅਤੇ ਡੀਨ, ਭਾਸ਼ਾਵਾਂ ਪ੍ਰੋ. ਜ਼ਮੀਰਪਾਲ ਕੌਰ ਨੇ ਸਵਾਗਤੀ ਸ਼ਬਦ ਕਹੇ। ਪ੍ਰੋਗਰਾਮ ਦੇ ਅੰਤ ਤੇ ਡਾ. ਅਮਨਦੀਪ ਸਿੰਘ ਅਤੇ ਡਾ. ਲਖਵੀਰ ਕੌਰ ਲੈਜ਼ੀਆ ਨੇ ਸਭ ਦਾ ਧੰਨਵਾਦ ਕੀਤਾ। ਦੋਨੋਂ ਹੀ ਵਿਸ਼ੇਸ਼ ਭਾਸ਼ਣਾਂ ਤੋਂ ਬਾਅਦ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਵਿਸ਼ਾ ਮਾਹਿਰਾਂ ਨਾਲ ਗੰਭੀਰ ਵਿਚਾਰ ਚਰਚਾ ਕੀਤੀ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਸ਼ਾਮਲ ਵੀ ਹੋਏ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਕਵਿਤਾ ਅਤੇ ਭਾਸ਼ਾ ਬਾਰੇ ਵਿਸ਼ੇਸ਼ ਭਾਸ਼ਣਾਂ ਦਾ ਆਯੋਜਨ"