ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਸਿੱਧੂ ਦੀ ਕੋਈ ਭੂਮਿਕਾ ਨਾ ਹੋਣ ਦਾ ਦਾਅਵਾ
ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਭਾਰਤੀ ਜਨਤਾ ਪਾਰਟੀ ਨਾਲ ਅਪਣੀ ਨਵੀਂ ਪਾਰਟੀ ਦੇ ਗਠਜੋੜ ਨੂੰ ਸਹੀਂ ਠਹਿਰਾਉਂਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵ ਕੀਤਾ ਕਿ ਸਰਹੱਦੀ ਸੂਬੇ ਪੰਜਾਬ ਦੀ ਸੁਰੱਖਿਆ ਅਤੇ ਅਮਨ ਤੇ ਭਾਈਚਾਰਕ ਸਾਂਝ ਲਈ ਇਹ ਗਠਜੋੜ ਜਰੂਰੀ ਸੀ। ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਛਾਬੜਾ ਪੈਲੇਸ ’ਚ ਅਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਇਕੱਠ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਮੁੜ ਵਧੀਆਂ ਹਨ, ਆਰ.ਡੀ.ਐਕਸ ਮਿਲ ਰਿਹਾ ਹੈ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਹ ਚਿੰਤਾਜਨਕ ਹੈ। ਅਜਿਹੇ ਵਿੱਚ ਪੰਜਾਬ ਵਿੱਚ ਇੱਕ ਸਥਿਰ ਅਤੇ ਪ੍ਰਭਾਵਸਾਲੀ ਸਰਕਾਰ ਬਣਾਉਣੀ ਜਰੂਰੀ ਹੋ ਗਈ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਪੰਜਾਬ ਦਾ ਵਿਕਾਸ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸੰਯੁਕਤ ਅਕਾਲੀ ਦਲ ਵਿਚਕਾਰ ਟਿਕਟਾਂ ਦੀ ਵੰਡ ਦਾ ਕੋਈ ਮੁੱਦਾ ਨਹੀਂ ਤੇ ਜਿਤਣ ਵਾਲਿਆਂ ਨੂੰ ਹੀ ਟਿਕਟ ਮਿਲੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਬਠਿੰਡਾ ਸ਼ਹਿਰੀ ਸੀਟ ਉਨ੍ਹਾਂ ਦੀ ਪਾਰਟੀ ਦੇ ਹਿੱਸੇ ਆਉਂਦੀ ਹੈ ਤਾਂ ਕੁੱਝ ਦਿਨ ਪਹਿਲਾਂ ਕਾਂਗਰਸ ਛੱਡਣ ਵਾਲੇ ਰਾਜ ਨੰਬਰਦਾਰ ਉਮੀਦਵਾਰ ਹੋਣਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਮੁੜ ਸਿੱਧੂ ਨੂੰ ਅਸਥਿਰ ਸਖ਼ਸੀਅਤ ਕਰਾਰ ਦਿੰਦਿਆਂ ਉਸ ਵਲੋਂ ਬੀਤੇ ਕੱਲ ਔਰਤਾਂ ਤੇ ਲੜਕੀਆਂ ਵਾਸਤੇ ਕੀਤੇ ਐਲਾਨਾਂ ਨੂੰ ਹਾਸੋਹੀਣਾ ਦਸਦਿਆਂ ਕਿਹਾ ਕਿ ‘‘ ਪੰਜਾਬ ਆਰਥਿਕ ਤੌਰ ’ਤੇ ਇਹ ਸਹਿਣ ਨਹੀਂ ਕਰ ਸਕਦਾ ਤੇ ਕਾਂਗਰਸ ਅਤੇ ਆਪ ਲੋਕਾਂ ਨੂੰ ਭਰਮਾਉਣ ਲਈ ਝੂਠੇ ਵਾਅਦੇ ਕਰ ਰਹੇ ਹਨ। ’’ ਕੈਪਟਨ ਨੇ ਕਿਹਾ ਕਿ ਪੰਜਾਬ ਦੀ ਸਮੂਹ ਵਸੀਲਿਆਂ ਤੋਂ ਆਮਦਨ 5 ਲੱਖ 35 ਹਜ਼ਾਰ ਕਰੋੜ ਹੈ ਪ੍ਰੰਤੂ ਚਾਰ ਲੱਖ ਕਰੋੜ ਦਾ ਕਰਜ਼ਾ ਹੈ ਤੇ ਜੇਕਰ ਦੂਜੀਆਂ ਪਾਰਟੀਆਂ ਵਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ ਪੂਰਾ ਕਰਨਾ ਪੈ ਗਿਆ ਤਾਂ ਪੂਰਾ ਪੰਜਾਬ ਕਰਜ਼ੇ ਵਿਚ ਡੁੱਬ ਜਾਵੇਗਾ। ਅਪਣੀ ਸਰਕਾਰ ’ਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਸਾਢੇ ਚਾਰ ਸਾਲਾਂ ਦੇ ਕਾਰਜ਼ਕਾਲ ਦੌਰਾਨ 93 ਫ਼ੀਸਦੀ ਵਾਅਦੇ ਪੂਰੇ ਕਰ ਦਿੱਤੇ ਸਨ। ਇਸਤੋਂ ਇਲਾਵਾ ਉਨ੍ਹਾਂ ਨਸ਼ੇ ਦੇ ਲੱਕ ਤੋੜਣ ਬਾਰੇ ਉਸਦੇ ਬਾਰੇ ਕੀਤੇ ਜਾ ਰਹੇ ਪ੍ਰਚਾਰ ਨੂੰ ਗੁੰਮਰਾਹ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਅਪਣੇ ਕਾਰਜ਼ਕਾਲ ਦੌਰਾਨ ਨਸ਼ਿਆਂ ਦੀ ਚੈਨ ਤੋੜਣ ਲਈ ਵੱਡੇ ਕਦਮ ਚੁੱਕੇ ਸਨ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ‘‘ ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਸਾਰੇ ਫੈਸਲੇ ਉਹ ਲੈਂਦੇ ਸਨ ਤੇ ਗਾਂਧੀ ਪ੍ਰਵਾਰ ਜਾਂ ਕਿਸੇ ਹੋਰ ਦੇ ਕਹਿਣ ’ਤੇ ਕੁੱਝ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਲੱਗਣ ਦਿਓ, ਵੱਡੇ ਆਗੂ ਪੰਜਾਬ ਲੋਕ ਕਾਂਗਰਸ ਨਾਲ ਜੁੜ ਜਾਣਗੇ। ਕੇਜ਼ਰੀਵਾਲ ਬਾਰੇ ਵੀ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਲਾਨ ਕਰਨ ਤੋਂ ਪਹਿਲਾਂ ਉਹ ਦਿੱਲੀ ਦੀ ਜਨਤਾ ਵਾਸਤੇ ਇਹ ਮੁਫ਼ਤ ਸਹੂਲਤਾਂ ਮੁਹੱਈਆਂ ਕਰਵਾਉਣ ਤਾਂ ਪੰਜਾਬੀ ਉਨ੍ਹਾਂ ’ਤੇ ਵਿਸਵਾਸ ਕਰਨਗੇ। ਇਸ ਮੌਕੇ ਪਾਰਟੀ ਆਗੂ ਰਾਜ ਨੰਬਰਦਾਰ ਨੇ ਸੂਬੇ ’ਚ ਪਾਰਟੀ ਦੀ ਸਰਕਾਰ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਕੋਲ ਬਠਿੰਡਾ ਦੇ ਮੁੱਦੇ ਚੁੱਕਦਿਆਂ ਬੰਦ ਕੀਤੇ ਥਰਮਲ ਪਲਾਂਟ ਵਾਲੀ ਥਾਂ ’ਤੇ ਮਿਊਜੀਕਲ ਪਾਰਕ ਬਣਾਉਣ, ਬਠਿੰਡਾ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੱਕ ਰੇਲਵੇ ਲਾਈਨ ਵਿਛਾਉਣ ਅਤੇ ਜਮੀਨ ਤੋਂ ਸੀ.ਐਲ.ਯੂ ਚਾਰਜ ਖਤਮ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪੁੱਤਰ ਯੂਵਰਾਜ ਰਣਇੰਦਰ ਸਿੰਘ, ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ, ਭੁਪਿੰਦਰ ਸਿੰਘ ਖੁੱਡੀਆ, ਹਰਿੰਦਰ ਸਿੰਘ ਜੋੜਕੀਆ, ਗੁਰਸ਼ਰਨ ਸਿੰਘ ਮਾਖ਼ਾ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਤੇ ਕਂੋਸਲਰ ਵਿੱਕੀ ਨੰਬਰਦਾਰ ਆਦਿ ਆਗੂ ਹਾਜ਼ਰ ਰਹੇ।
ਪੰਜਾਬ ਦੀ ਸੁਰੱਖਿਆਂ ਲਈ ਭਾਜਪਾ ਤੇ ਗਠਜੋੜ ਦੀ ਸਰਕਾਰ ਜਰੂਰੀ-ਕੈਪਟਨ
8 Views