ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਦਸੰਬਰ: ਦੀ ਪੰਜਾਬ ਸਟੇਟ ਕੋਆਪ੍ਰੇਟਿਵ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤਹਿਤ ਚੱਲ ਰਹੀ ਕਲਮਛੋੜ ਹੜਤਾਲ ਵਿਚ ਇੰਸਪੈਕਟਰ ਐਸੋਸੀਏਸ਼ਨ (ਸਹਿਕਾਰਤਾ ਵਿਭਾਗ) ਜਿਲ੍ਹਾ ਬਠਿੰਡਾ ਦੇ ਸਮੂਹ ਇੰਸਪੈਕਟਰਾਂ ਵੱਲੋ ਅੱਜ ਦਫਤਰ ਉਪ ਰਜਿਸਟਰਾਰ ਦੇ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਕਰਯੋਗ ਹੈ ਕਿ ਸਹਿਕਾਰਤਾ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਇੰਸਪੈਕਟਰਾਂ ਵੱਲੋ ਪਿਛਲੇ ਲੰਬੇ ਸਮੇਂ ਤੋ ਆਪਣੀਆਂ ਜਾਇਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਲਿਖਤੀ ਬੇਨਤੀ ਕਰਨ ਦੇ ਬਾਵਯੂਦ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਹੀ ਕੀਤਾ ਜਾ ਰਿਹਾ। ਉੱਚ ਅਧਿਕਾਰੀਆਂ ਵੱਲੋ ਦਿੱਤੇ ਗਏ ਭਰੋਸੇ ਕਾਰਣ ਐਸੋਸੀਏਸ਼ਨ ਵੱਲੋ ਮਿਤੀ 12-12-2022 ਤੋ 18-12-2022 ਤੱਕ ਕੀਤੇ ਜਾਣ ਵਾਲੀ ਕਲਮਛੋੜ ਹੜਤਾਲ ਵਾਪਸ ਲੈ ਲਈ ਗਈ ਸੀ। ਪਰੰਤੂ ਇਸਦੇ ਉਲਟ ਦਫਤਰ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋ ਮੀਮੋ ਨੰ: ਰਸਸ/ਅਮਲਾ-1/1217-18 ਮਿਤੀ 15-12-2022 ਨੂੰ ਇੱਕ ਮੁਲਾਜਮ ਮਾਰੂ ਪੱਤਰ ਜਾਰੀ ਕਰ ਦਿੱਤਾ। ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਪੱਤਰ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲਿਆਂ ਦੇ ਖਿਲਾਫ ਹੈ। ਇਸ ਤੋ ਇਲਾਵਾ ਮੀਟਿੰਗ ਵਿੱਚ ਹੋਏ ਫੈਸਲਿਆਂ ਮੁਤਾਬਿਕ ਉਨ੍ਹਾਂ ਵੱਲੋ ਕੋਈ ਵੀ ਫੈਸਲਾ ਲਾਗੂ ਨਹੀ ਕੀਤਾ ਗਿਆ। ਸਰਕਾਰ ਅਤੇ ਵਿਭਾਗ ਦੀ ਵਾਅਦਾ ਖਿਲਾਫੀ ਕਾਰਣ ਸਮੂਹ ਪੰਜਾਬ ਦੇ ਕੋਆਪ੍ਰੇਟਿਵ ਇੰਸਪੈਕਟਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋ ਅੱਜ ਪੂਰੇ ਪੰਜਾਬ ਵਿੱਚ ਜਿਲ੍ਹਾ ਪੱਧਰ ਤੇ ਸਮੂਹ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਦਫਤਰਾਂ ਮੂਹਰੇ ਇੰਸਪੈਕਟਰਾਂ ਵੱਲੋ ਰੋਸ ਪ੍ਰਦਰਸ਼ਨ ਕਰਦੇ ਹੋਏ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੀ ਜਾਇਜ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 27 ਨੂੰ ਡਵੀਜਨ ਪੱਧਰ ਤੇ ਫਿਰੋਜਪੁਰ ਵਿਖੇ ਇੱਕਠ ਕਰਕੇ ਰੋਸ ਮੁਜਾਹਰਾ ਕੀਤਾ ਜਾਵੇਗਾ।
Share the post "ਪੰਜਾਬ ਸਟੇਟ ਕੋਆਪ੍ਰੇਟਿਵ ਇੰਸਪੈਕਟਰ ਐਸੋਸੀਏਸ਼ਨ ਨੇ ਸਰਕਾਰ ਵਿਰੁਧ ਕੀਤਾ ਰੋਸ਼ ਪ੍ਰਦਰਸ਼ਨ"