ਜਸਪਾਲ ਸਿੰਘ ਬਣੇ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਐਸ.ਐਸ.ਪੀ
20 ਦਿਨਾਂ ਬਾਅਦ ਦੇਸ ਰਾਜ ਸੰਭਾਲਣਗੇ ਜਿੰਮੇਵਾਰੀ
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ: ਪੰਜਾਬ ਸਰਕਾਰ ਵਲੋਂ ਜਾਰੀ ਆਦੇਸ਼ਾਂ ਤਹਿਤ ਅੱਜ ਵਿਜੀਲੈਂਸ ਵਿਭਾਗ ਦੇ ਤਿੰਨ ਐਸ.ਐਸ.ਪੀਜ਼ ਸਹਿਤ ਪੰਜ ਪੁਲਿਸ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ। ਇੰਨ੍ਹਾਂ ਵਿਚ ਤਿੰਨ ਨੂੰ ਕ੍ਰਮਵਾਰ ਫ਼ਿਰੋਜਪੁਰ, ਬਠਿੰਡਾ ਤੇ ਲੁਧਿਆਣਾ ਆਰਥਿਕ ਬਿਊਰੋ ਦਾ ਐਸ.ਐਸ.ਪੀ ਅਤੇ ਦੋ ਨੂੰ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਤੈਨਾਤ ਕੀਤਾ ਗਿਆ ਹੈ। ਇੰਨਾਂ ਤੈਨਾਤੀਆਂ ਵਿਚ ਪਿਛਲੇ ਲੰਮੇ ਸਮੇਂ ਤੋਂ ਐਸ.ਪੀ ਸਿਟੀ ਵਜੋਂ ਸੇਵਾਵਾਂ ਨਿਭਾ ਰਹੇ ਜਸਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਨਵੇਂ ਐਸ.ਐਸ.ਪੀ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਕਰੀਬ 20 ਦਿਨਾਂ ਜਾਣੀ 30 ਨਵੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਜਸਪਾਲ ਸਿੰਘ ਤੋਂ ਬਾਅਦ ਨਵੇਂ ਐਸ.ਐਸ.ਪੀ ਦੀ ਨਿਯੁਕਤੀ ਵੀ ਪੰਜਾਬ ਸਰਕਾਰ ਵਲੋਂ ਹੁਣ ਤੋਂ ਹੀ ਕਰ ਦਿੱਤੀ ਗਈ ਹੈ। ਵਿਜੀਲੈਂਸ ਵਿਭਾਗ ਦੇ ਮੁੱਖ ਅਧਿਕਾਰੀ ਐਸ.ਚਟੋਉਪਧਾਏ ਵਲੋਂ ਜਾਰੀ ਹੁਕਮਾਂ ਤਹਿਤ ਜਸਪਾਲ ਸਿੰਘ ਤੋਂ ਬਾਅਦ ਇਹ ਜਿੰਮੇਵਾਰੀ ਦੇਸ ਰਾਜ ਸੰਭਾਲਣਗੇ, ਜਿੰਨ੍ਹਾਂ ਨੂੰ ਹੁਣ ਮੁੱਖ ਦਫ਼ਤਰ ਵਿਖੇ ਜੁਆਇੰਟ ਡਾਇਰੈਕਟਰ ਸਿਕਾਇਤਾਂ ਲਗਾਇਆ ਗਿਆ ਹੈ। ਕਾਂਗਰਸ ਸਰਕਾਰ ਵਲੋਂ ਪਿਛਲੇ ਕਰੀਬ ਪੰਜ ਸਾਲਾਂ ਤੋਂ ਏਆਈਜੀ ਕਾਉੂਂਟਰ ਇੰਟੈਲੀਜੈਂਸੀ ਵਜੋਂ ਤੈਨਾਤ ਕੀਤੇ ਦੇਸ ਰਾਜ ਨੂੰ ਹੁਣ ਪੁਲਿਸ ਤੇ ਸਿਆਸੀ ਹਲਕਿਆਂ ਵਿਚ ਮਹੱਤਵਪੂਰਨ ਜਿੰਮੇਵਾਰੀ ਮਿਲਣ ਦੀਆਂ ਸਰਗੋਸ਼ੀਆ ਸੁਣਾਈ ਦੇ ਰਹੀਆਂ ਸਨ। ਇੱਥੇ ਦਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਚਰਚਿਤ ਅਧਿਕਾਰੀ ਰਾਜਜੀਤ ਸਿੰਘ ਤੋਂ ਇਲਾਵਾ ਮਨਦੀਪ ਸਿੰਘ ਸਿੱਧੂ, ਵਰਿੰਦਰ ਸਿੰਘ ਬਰਾੜ, ਅਮਰਜੀਤ ਸਿੰਘ ਬਾਜਵਾ ਤੇ ਨਰਿੰਦਰ ਭਾਰਗਵ ਨੂੰ ਵਿਜੀਲੈਂਸ ਵਿਭਾਗ ਵਿਚੋਂ ਬਦਲਣ ਤੋਂ ਬਾਅਦ ਗੌਤਮ ਸਿੰਘਲ, ਗੁਰਪ੍ਰੀਤ ਕੌਰ ਪੂਰੇਵਾਲ, ਲਖਵੀਰ ਸਿੰਘ, ਦੇਸ ਰਾਜ ਤੇ ਜਸਪਾਲ ਸਿੰਘ ਨੂੰ ਵਿਭਾਗ ਅਧੀਨ ਭੇਜਿਆ ਸੀ। ਨਵੇਂ ਹੁਕਮਾਂਤਹਿਤ ਗੁਰਪ੍ਰੀਤ ਕੌਰ ਪੂਰੇਵਾਲ ਐਸ.ਐਸ.ਪੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ, ਲਖਵੀਰ ਸਿੰਘ ਨੂੰ ਐਸ.ਐਸ.ਪੀ ਫ਼ਿਰੋਜਪੁਰ ਰੇਂਜ ਅਤੇ ਗੌਤਮ ਸਿੰਘਲ ਨੂੰ ਜੁਆਇੰਟ ਡਾਇਰੈਕਟਰ ਪ੍ਰਸ਼ਾਸਨ ਮੁੱਖ ਦਫ਼ਤਰ ਵਿਖੇ ਲਗਾਇਆ ਗਿਆ ਹੈ।