ਬਿਨ੍ਹਾਂ ਟੈਕਸ ਭਰੇ ਚੱਲ ਰਹੀਆਂ ਅੱਧੀ ਦਰਜ਼ਨ ਬੱਸਾਂ ਕੀਤੀਆਂ ਜਬਤ
ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ : ਪੰਜਾਬ ਦੇ ਨਵੇਂ ਟ੍ਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਵਿਰੁਧ ਵਿੱਢੀ ਕਾਰਵਾਈ ਤਹਿਤ ਅੱਜ ਬਠਿੰਡਾ ’ਚ ਅੱਧੀ ਦਰਜ਼ਨ ਬੱਸਾਂ ਜਬਤ ਕੀਤੀਆਂ ਗਈਆਂ। ਆਰ.ਟੀ.ਏ. ਬਲਵਿੰਦਰ ਸਿੰਘ ਵਲੋਂ ਦੁਪਿਹਰ ਸਮੇਂ ਕੀਤੀ ਅਚਨਚੇਤ ਚੈਕਿੰਗ ਦੌਰਾਨ ਕਈ ਵੱਡੀਆਂ ਕੰਪਨੀਆਂ ਦੀਆਂ ਬੱਸਾਂ ਬਿਨ੍ਹਾਂ ਟੈਕਸ ਭਰੇ ਸੜਕਾਂ ’ਤੇ ਦੋੜ ਦੀਆਂ ਨਜ਼ਰ ਆਈਆਂ। ਹਾਲਾਂਕਿ ਇਸ ਮੌਕੇ ਬਾਦਲ ਪ੍ਰਵਾਰ ਦੀ ਮਲਕੀਅਤ ਵਾਲੀ ਆਰਬਿਟ ਟ੍ਰਾਂਸਪੋਰਟ ਕੰਪਨੀ ਦੀ ਬੱਸ ਦੇ ਟੈਕਸ ਭਰੇ ਹੋਣ ਅਤੇ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਚੱਲਦੇ ਉਸਨੂੰ ਜਾਣ ਦਿੱਤਾ ਗਿਆ। ਸੂਚਨਾ ਮੁਤਾਬਕ ਰਜਿੰਦਰਾ ਕਾਲਜ਼ ਕੋਲ ਲੱਗੇ ਨਾਕੇ ਦੌਰਾਨ ਸੇਖੋ ਬੱਸ ਕੰਪਨੀ ਦੀ ਇੱਕ ਬੱਸ ਨੂੰ ਜਬਤ ਕੀਤਾ ਗਿਆ। ਇਸੇ ਤਰ੍ਹਾਂ ਦੀਪ ਬੱਸ ਕੰਪਨੀ ਦੀ ਇੱਕ ਬੱਸ ਸਹਿਤ ਦੋ ਹੋਰ ਬੱਸਾਂ ਵਿਰੁਧ ਭਾਰੀ ਜੁਰਮਾਨੇ ਕੀਤੇ ਗਏ। ਇਸਤੋਂ ਇਲਾਵਾ ਹਨੂੰਮਾਨ ਚੌਕ ਕੋਲ ਲਗਾਏ ਨਾਕੇ ਵਿਚ ਵੀ ਤਿੰਨ ਬੱਸਾਂ ਨੂੰ ਫ਼ੜਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਟੀਏ ਬਲਵਿੰਦਰ ਸਿੰਘ ਨੇ ਦਸਿਆ ਕਿ ‘‘ ਸਰਕਾਰ ਦੇ ਹੁਕਮਾਂ ਉਪਰ ਸਮੂਹ ਬੱਸ ਅਪਰੇਟਰਾਂ ਨੂੰ ਬਕਾਇਆ ਟੈਕਸ ਭਰਨ ਲਈ ਕਿਹਾ ਗਿਆ ਸੀ ਤੇ ਹੁਣ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਹੁਣ ਤੱਕ ਬਠਿੰਡਾ ਦਫ਼ਤਰ ਵਲੋਂ ਹੀ ਸਾਢੇ ਚਾਰ ਕਰੋੜ ਦਾ ਬਕਾਇਆ ਟੈਕਸ ਜਮ੍ਹਾਂ ਕਰਵਾਇਆ ਗਿਆ ਹੈ।