ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਜੁਲਾਈ: ਸੂਬੇ ਦੇ ਪੰਜਵੇਂ ਮਹਾਂਨਗਰ ਵਜੋਂ ਵਿਕਸਤ ਹੋਏ ਬਠਿੰਡਾ ਸ਼ਹਿਰ ਵਿਚ ਪਿਛਲੇ ਕਰੀਬ ਇੱਕ ਦਹਾਕੇ ਤੋਂ ਹੀ ਸ਼ੁਰੂ ਹੋਈ ਨਜਾਇਜ਼ ਇਮਾਰਤਸਾਜੀ ਦਾ ਕੰਮਕਾਜ਼ ਮੌਜੂਦਾ ਦੌਰ ਵਿਚ ਵੀ ਜਾਰੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਮੁੜ ਨਜਾਇਜ਼ ਇਮਾਰਤਾਂ ਬਣਨ ਦਾ ਅਸਲ ਜਾਰੀ ਹੈ। ਹਾਲਾਂਕਿ ਨਿਗਮ ਅਧਿਕਾਰੀਆਂ ਵਲੋਂ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਇੰਨਾਂ ਨਜਾਇਜ਼ ਇਮਾਰਤਾਂ ਨੂੰ ਸੀਲ ਵੀ ਕੀਤਾ ਜਾਂਦਾ ਹੈ ਪ੍ਰੰਤੂ ਬਾਅਦ ਵਿਚ ਇਹ ਸੀਲਾਂ ਨਾ ਸਿਰਫ਼ ਖੁੱਲ ਜਾਂਦੀਆਂ ਹਨ, ਬਲਕਿ ਇੰਨਾਂ ਵਿਚ ਕੰਮ ਸ਼ੁਰੂ ਹੋ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਇਸ ਵਿਭਾਗ ਦੇ ਪਹਿਲੇ ਮੰਤਰੀ ਰਹੇ ਡਾ ਇੰਦਰਵੀਰ ਸਿੰਘ ਨਿੱਝਰ ਨੇ ਅਪਣੀ ਬਠਿੰਡਾ ਫੇਰੀ ਦੌਰਾਨ ਸਥਾਨਕ ਜ਼ਿਲ੍ਹਾ ਕੰਪਲੈਕਸ ਦੇ ਮੀਟਿੰਗ ਹਾਲ ’ਚ ਨਿਗਮ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਇੰਨ੍ਹਾਂ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਜਨਤਕ ਤੌਰ ’ਤੇ ਨਿਗਮ ਅਧਿਕਾਰੀਆਂ ਨੂੰ ‘ਰੱਬ’ ਦਾ ਵਾਸਤਾ ਵੀ ਪਾਇਆ ਸੀ। ਦੂਜੇ ਪਾਸੇ ਵਿਜੀਲੈਂਸ ਵਲੋਂ ਵੀ ਅਪਣੇ ਪੱਧਰ ’ਤੇ ਸ਼ਹਿਰ ਅੰਦਰ ਬਣੀਆਂ ਨਜਾਇਜ਼ ਇਮਾਰਤਾਂ ਦੀ ਜਾਂਚ ਵਿੱਢੀ ਹੋਈ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਵਲੋਂ ਇਸ ਸਬੰਧ ਵਿਚ ਸ਼ਹਿਰ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਹੀ ਬਣੀਆਂ ਇੰਨ੍ਹਾਂ ਨਜਾਇਜ਼ ਇਮਾਰਤਾਂ ਦਾ ਰਿਕਾਰਡ ਇਕੱਤਰ ਕੀਤਾ ਜਾ ਰਿਹਾ ਹੈ, ਜਿਸਦੇ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਨਿਭਾਈ ਜਾ ਰਹੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਨਿਗਮ ਨਾਲ ਜੁੜੇ ਸੂਤਰਾਂ ਮੁਤਾਬਕ ਬੇਸ਼ੱਕ ਮੌਜੂਦਾ ਸਰਕਾਰ ਨੇ ਇੱਥੇ ਰਹੇ ਇੱਕ ਚਰਚਿਤ ਅਧਿਕਾਰੀ ਦੀ ਬਦਲੀ ਕਰ ਦਿੱਤੀ ਸੀ ਪ੍ਰੰਤੂ ਇਸਦੇ ਬਾਵਜੂਦ ਉਸ ਅਧਿਕਾਰੀ ਦੀ ‘ਗੱਦੀ’ ਹੁਣ ਹੋਰਨਾਂ ਨੇ ਸੰਭਾਲ ਲਈ ਹੈ। ਸੂਤਰਾਂ ਅਨੁਸਾਰ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਮਹਿੰਗੇ ਇਲਾਕੇ ਮੰਨੇ ਜਾਂਦੇ ਅਮਰੀਕ ਸਿੰਘ ਰੋਡ ਤੋਂ ਇਲਾਵਾ 100 ਫੁੱਟੀ ਰੋਡ, ਨਵੀਂ ਬਣ ਰਹੀ ਰਿੰਗ ਰੋਡ, ਕਿਲੇ ਦੇ ਨਜਦੀਕ, ਹਨੂੰਮਾਨ ਚੌਕ ਤੋਂ ਥੋੜਾ ਅੱਗੇ ਜੀਟੀ ਰੋਡ ਅਤੇ ਅਜੀਤ ਰੋਡ ਆਦਿ ਥਾਵਾਂ ਉਪਰ ਨਜਾਇਜ਼ ਉਸਾਰੀਆਂ ਹੋਈਆਂ ਪ੍ਰੰਤੂ ਨਿਗਮ ਵਲੋਂ ਸਿਰਫ਼ ਨੋਟਿਸ ਜਾਰੀ ਕਰਕੇ ਖ਼ਾਨਾਪੂਰਤੀ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਨਗਰ ਨਿਗਮ ਅੰਦਰ ਕਾਂਗਰਸ ਪਾਰਟੀ ਦਾ ਪ੍ਰਚੰਡ ਬਹੁਮਤ ਹੈ। ਉਂਜ ਮੇਅਰ ਤੇ ਇੱਕ ਦਰਜ਼ਨ ਦੇ ਕਰੀਬ ਕੋਂਸਲਰਾਂ ਦੇ ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਨੇੜਤਾ ਕਾਰਨ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਜਿਸਦੇ ਚੱਲਦੇ ਮੌਜੂਦਾ ਸਮੇਂ ਮੇਅਰ ਨੂੰ ਭਾਜਪਾ ਆਗੂ ਮਨਪ੍ਰੀਤ ਬਾਦਲ ਨਜਦੀਕੀ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਕਾਂਗਰਸ ਸਮਰਥਕ ਮੰਨਿਆਂ ਜਾ ਰਿਹਾ। ਨਿਗਮ ਹਾਊਸ ਦੇ ਆਪਸ ਵਿਚ ਪਾਟੋਧਾੜ ਹੋਣ ਦਾ ਫ਼ਾਈਦਾ ਵੀ ਅਧਿਕਾਰੀਆਂ ਵਲੋਂ ਉਠਾਇਆ ਜਾ ਰਿਹਾ।
ਬਾਕਸ
ਨਜਾਇਜ਼ ਕਬਜੇ ਹਟਾਉਣ ’ਚ ਬਠਿੰਡਾ ਨੰਬਰ ਇੱਕ ’ਤੇ : ਐਮ.ਟੀ.ਪੀ ਬਿੰਦਰਾ
ਬਠਿੰਡਾ: ਉਧਰ ਇਸ ਸਬੰਧ ਵਿਚ ਨਿਗਮ ਦਾ ਪੱਖ ਰੱਖਦਿਆਂ ਐਮ.ਟੀ.ਪੀ ਸੁਰਿੰਦਰ ਸਿੰਘ ਬਿੰਦਰਾ ਨੇ ਦਾਅਵਾ ਕੀਤਾ ਕਿ ‘‘ ਸ਼ਹਿਰ ਵਿਚ ਨਜਾਇਜ਼ ਕਬਜੇ ਹਟਾਉਣ ਦੇ ਮਾਮਲੇ ਵਿਚ ਨਗਰ ਨਿਗਮ ਬਠਿੰਡਾ ਪੂਰੇ ਪੰਜਾਬ ਵਿਚ ਪਹਿਲੀਆਂ ਥਾਵਾਂ ’ਤੇ ਹੈ। ਉਨ੍ਹਾਂ ਅੰਕੜੇ ਰੱਖਦਿਆਂ ਕਿਹਾ ਕਿ ਹੁਣ ਚਾਲੂ ਵਿਤ ਸਾਲ ਦੌਰਾਨ ਜਿੱਥੇ 33 ਨਜਾਇਜ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ, ਉਥੇ 23 ਅਜਿਹੀਆਂ ਨਜਾਇਜ਼ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਇਸੇ ਤਰ੍ਹਾਂ ਪੰਜ ਨਜਾਇਜ਼ ਕਲੌਨੀਆਂ ਉਪਰ ਵੀ ਪੀਲਾ ਪੰਜਾ ਚਲਾਇਆ ਗਿਆ। ਇਸਤੋਂ ਇਲਾਵਾ ਨਿਗਮ ਕੋਲ ਪਾਸ ਹੋਣ ਲਈ ਆਏ 750 ਰਿਹਾਇਸੀ ਨਕਸਿਆਂ ਵਿਚੋਂ 660 ਪਾਸ ਕਰ ਦਿੱਤੇ ਗਏ ਹਨ ਤੇ 25 ਦੀ ਜਾਂਚ ਚੱਲ ਰਹੀ ਹੈ ਜਦ ਕਿ 23 ਰੱਦ ਕੀਤੇ ਗਏ ਹਨ। ਪਾਸ ਹੋਣ ਲਈ 323 ਵਪਾਰਕ ਨਕਸਿਆਂ ਦੀਆਂ ਫ਼ਾਈਲਾਂ ਵਿਚੋਂ ਵੀ 258 ਪਾਸ ਕੀਤੀਆਂ ਜਾ ਚੁੱਕੀਆਂ ਗਈਆਂ ਹਨ। ਸ਼੍ਰੀ ਬਿੰਦਰਾ ਨੇ ਕਿਹਾ ਕਿ ਸ਼ਹਿਰ ਵਿਚ ਜਦ ਹੀ ਕਿਤੇ ਨਜਾਇਜ਼ ਇਮਾਰਤ ਬਣਨ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
Share the post "ਬਠਿੰਡਾ ’ਚ ਨਜਾਇਜ਼ ਇਮਾਰਤਾਂ ਦੇ ਮੁੱਦੇ ਨੂੰ ਲੈ ਕੇ ਨਗਰ ਨਿਗਮ ਮੁੜ ਚਰਚਾ ’ਚ, ਵਿਜੀਲੈਂਸ ਨੇ ਵੀ ਵਿੱਢੀ ਜਾਂਚ"