ਬੀਬੀਵਾਲਾ ਚੌਕ ’ਚ ਪ੍ਰਕਾਸ ਸਿੰਘ ਬਾਦਲ ਅਮਰ ਰਹੇ ਦੇ ਲਗਾਏ ਨਾਅਰੇ
ਸੁਖਜਿੰਦਰ ਮਾਨ
ਬਠਿੰਡਾ, 26 ਅਪ੍ਰੈਲ : ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਜਿੰਨ੍ਹਾਂ ਦਾ ਬੀਤੇ ਕੱਲ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਅੱਜ ਚੰਡੀਗੜ੍ਹ ਤੋਂ ਇੱਕ ਵਿਸੇਸ ਕਾਫ਼ਲੇ ਰਾਹੀਂ ਪਿੰਡ ਬਾਦਲ ਲਿਜਾਈ ਗਈ। ਇਸ ਦੌਰਾਨ ਬਠਿੰਡਾ ਸ਼ਹਿਰ ਦੇ ਬੀਬੀਵਾਲਾ ਚੌਕ ’ਚ ਹਜ਼ਾਰਾਂ ਦੀ ਤਾਦਾਦ ਵਿਚ ਲੋਕਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸ: ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹਾਜ਼ਰ ਲੋਕਾਂ ਵਿਚ ਜਿੱਥੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ, ਉਥੇ ਭਾਜਪਾ ਦੇ ਆਗੂ ਤੇ ਵਰਕਰਾਂ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਇਸ ਮੌਕੇ ਇਸ ਵੱਡੇ ਕੱਦ ਦੇ ਸਿਆਸੀ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਨਜ਼ਰ ਆਏ। ਤੈਅਸੁਦਾ ਸਮੇਂ ਤੋਂ ਕਰੀਬ ਦੋ ਘੰਟੇ ਨਾਲ ਬਠਿੰਡਾ ਪੁੱਜੇ ਮ੍ਰਿਤਕ ਦੇਹ ਦੇ ਕਾਫ਼ਲੇ ਦਾ ਇਹ ਲੋਕ ਇੱਥੇ ਇੰਤਜਾਰ ਕਰਦੇ ਰਹੇ। ਇਸ ਦੌਰਾਨ ਜਦ ਕਰੀਬ ਸਾਢੇ ਸੱਤ ਵਜੇਂ ਇਹ ਕਾਫ਼ਲਾ ਸ਼ਹਿਰ ਵਿਚ ਦਾਖ਼ਲਾ ਹੋਇਆ ਤਾਂ ਇੱਥੇ ਮੌਜੂਦ ਲੋਕਾਂ ਨੇ ਮ੍ਰਿਤਕ ਦੇਹ ਉਪਰ ਫੁੱਲਾਂ ਦੀ ਵਰਖ਼ਾ ਕਰਦਿਆਂ ਪ੍ਰਕਾਸ ਸਿੰਘ ਬਾਦਲ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਮੌਕੇ ’ਤੇ ਵੱਡੀ ਗਿਣਤੀ ਵਿਚ ਮੌਜੂਦ ਬੀਬੀਆਂ ਨੇ ਵੀ ਸਿਮਰਨ ਕੀਤਾ। ਕਾਫ਼ਲੇ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਵਲੋ ਵੱਡੀ ਗਿਣਤੀ ਵਿਚ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸਤੋਂ ਪਹਿਲਾਂ ਰਾਮਪੁਰਾ ਅਤੇ ਭੁੱਚੋਂ ਚੌਕ ਵਿਖੇ ਵੀ ਰੋਕ ਕੇ ਹਾਜ਼ਰ ਲੋਕਾਂ ਨੇ ਮ੍ਰਿਤਕ ਦੇਹ ਨੂੰ ਨਮਨ ਕੀਤਾ। ਕਾਫ਼ਲੇ ਵਿਚ ਸਾਬਕਾ ਮੁੱਖ ਮੰਤਰੀ ਦੀ ਮ੍ਰਿਤਕ ਦੇਹ ਲੈ ਕੇ ਚੱਲ ਰਹੀ ਐਂਬੂਲੇਂਸ ਨੂੰ ਸਾਬਕਾ ਮੰਤਰੀ ਤੇ ਬਾਦਲ ਪ੍ਰਵਾਰ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠਿਆ ਚਲਾ ਰਹੇ ਸਨ ਜਦੋਂਕਿ ਉਨ੍ਹਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਸਨ। ਸ: ਬਾਦਲ ਨੇ ਅਪਣੇ ਮਹਰੂਮ ਪਿਤਾ ਪ੍ਰਤੀ ਲੋਕਾਂ ਦੇ ਉਮੜੇ ਪ੍ਰਵਾਰ ਨੂੰ ਦੇਖਦਿਆਂ ਕਈ ਵਾਰ ਅੱਖਾਂ ਭਰੀਆਂ ਤੇ ਲੋਕਾਂ ਦਾ ਹੱਥ ਜੋੜ ਕੇ ਧੰਨਵਾਦ ਵੀ ਕੀਤਾ। ਕਾਫ਼ਲੇ ਦੇ ਨਾਲ ਬਾਦਲ ਪ੍ਰਵਾਰ ਦੇ ਹੋਰ ਮੈਂਬਰ ਅਤੇ ਨਜਦੀਕੀ ਵੀ ਗੱਡੀਆਂ ਵਿਚ ਚੱਲ ਰਹੇ ਸਨ। ਇਸ ਦੌਰਾਨ ਅਕਾਲੀ ਆਗੂਆਂ ਨੇ ਦਸਿਆ ਕਿ ਬਠਿੰਡਾ ਦੇ ਬੀਬੀਵਾਲਾ ਚੌਕ ਤੋਂ ਕਾਫ਼ਲਾ ਰਿੰਗ ਰੋਡ ਹੁੰਦਾ ਹੋਇਆ ਪਿੰਡ ਬਾਦਲ ਵਿਖੇ ਪੁੱਜੇਗਾ, ਜਿੱਥੇ ਭਲਕੇ ਮ੍ਰਿਤਕ ਦੇਹ ਨੂੰ ਅੰਤਿਮ ਦਰਸਨਾਂ ਵਾਸਤੇ ਘਰ ਵਿਚ ਰੱਖਿਆ ਜਾਵੇਗਾ, ਜਿਸਤੋਂ ਬਾਅਦ ਕਰੀਬ ਇੱਕ ਵਜੇਂ ਪ੍ਰਕਾਸ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Share the post "ਬਠਿੰਡਾ ’ਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹਜ਼ਾਰਾਂ ਲੋਕਾਂ ਨੇ ਬਾਦਲ ਦੀ ਮ੍ਰਿਤਕ ਦੇਹ ਨੂੰ ਭੇਂਟ ਕੀਤੀ ਸ਼ਰਧਾਂਜਲੀ"