ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ : ਲੰਘੇ ਦਿਨਾਂ ‘ਚ ਪੂਰੇ ਪੰਜਾਬ ਸਹਿਤ ਬਠਿੰਡਾ ਪੱਟੀ ਵਿਚ ਆਈ ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਤੋਂ ਬਾਅਦ ਚੱਲੇ ਝੱਖੜ੍ਹ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਮੁਢਲੇ ਆਧਾਰ ’ਤੇ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ 93 ਫ਼ੀਸਦੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਇਸਦੀ ਪੁਸ਼ਟੀ ਕਰਦਿਆਂ ਖੁਦ ਮੁੱਖ ਖੇਤੀਬਾੜੀ ਅਫ਼ਸਰ ਡਾ ਦਿਲਬਾਗ ਸਿੰਘ ਹੀਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੁੱਲ 2 ਲੱਖ 60 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਂਦ ਕੀਤੀ ਗਈ ਸੀ। ਪ੍ਰੰਤੂ ਇੰਨ੍ਹਾਂ ਵਿਚੋਂ 2 ਲੱਖ 40 ਹਜ਼ਾਰ 850 ਏਕੜ ਫ਼ਸਲ ਇਸ ਬੇਮੌਸਮੀ ਬਾਰਸ਼ ਦੀ ਭੇਂਟ ਚੜ੍ਹ ਗਿਆ ਹੈ। ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿਚ 1 ਲੱਖ 34 ਹਜ਼ਾਰ 960 ਹੈਕਟੇਅਰ ਰਕਬਾ 25 ਫ਼ੀਸਦੀ ਤੋਂ ਘੱਟ ਹੋਏ ਨੁਕਸਾਨ ਅਧੀਨ ਆਇਆ ਹੈ। ਇਸੇ ਤਰ੍ਹਾਂ 26 ਫ਼ੀਸਦੀ ਤੋਂ 50 ਫ਼ੀਸਦੀ ਤੱਕ 82 ਹਜ਼ਾਰ 331 ਹੈਕਟੇਅਰ ਰਕਬਾ ਆਇਆ ਹੈ। ਜਦੋਂਕਿ 51 ਤੋਂ 75 ਫ਼ੀਸਦੀ ਅਧੀਨ 20 ਹਜ਼ਾਰ 694 ਹੈਕਟੇਅਰ ਰਕਬੇ ਵਿਚ ਬੀਜ਼ੀ ਕਣਕ ਦੀ ਫ਼ਸਲ ਖ਼ਰਾਬ ਹੋਈ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ 76 ਫ਼ੀਸਦੀ ਤੋਂ 100 ਫ਼ੀਸਦੀ ਖ਼ਰਾਬੇ ਵਿਚ ਸਿਰਫ਼ 2865 ਹੈਕਟੇਅਰ ਹੀ ਆਇਆ ਹੈ। ਦੂਜੇ ਪਾਸੇ ਕਿਸਾਨਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਗਾਤਾਰ ਦੋ ਦਿਨ ਹੋਈ ਬੇਮੌਸਮੀ ਬਾਰਸ਼ ਅਤੇ ਆਖ਼ਰੀ ਦਿਨ ਹੋਈ ਗੜ੍ਹੇਮਾਰੀ ਦੇ ਚੱਲਦੇ ਜਿਆਦਾ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਉਧਰ ਜੇਕਰ ਬਲਾਕ ਪੱਧਰ ’ਤੇ ਗੱਲਬਾਤ ਕੀਤੀ ਜਾਵੇ ਤਾਂ ਸਭ ਤੋਂ ਵੱਧ ਨੁਕਸਾਨ ਬਠਿੰਡਾ ਬਲਾਕ ਵਿਚ ਹੋਇਆ ਹੈ। ਜਿਸਦੇ ਵਿਚ 25 ਫ਼ੀਸਦੀ ਤੋਂ ਘੱਟ 41,280 ਹਜ਼ਾਰ ਹੈਕਟੇਅਰ ਰਕਬਾ ਇਸਦੀ ਚਪੇਟ ’ਚ ਆ ਗਿਆ ਹੈ। ਜਦੋਂਕਿ ਵੱਧ ਨੁਕਸਾਨ ਬਲਾਕ ਫ਼ੂਲ ਬਲਾਕ ਵਿਚ ਹੋਇਆ ਹੈ, ਜਿੱਥੇ 50 ਫ਼ੀਸਦੀ ਤੱਕ 16,850 ਹਜ਼ਾਰ ਹੈਕਟੇਅਰ ਅਤੇ 75 ਫੀਸਦੀ ਤਹਿਤ 14,525 ਹਜ਼ਾਰ ਹੈਕਟੇਅਰ ਰਕਬਾ ਆਇਆ ਹੈ। ਜਿੱਥੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੀ ਵਿਸੇਸ ਦੌਰਾ ਕਰਕੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਗਿਆ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਮਾਲ ਵਿਭਾਗ ਵਲੋਂ ਹਾਲੇ ਇਸ ਵਿਸ਼ੇਸ ਖ਼ਰਾਬੇ ਦੇ ਅੰਕੜੇ ਹਾਸਲ ਕਰਨ ਲਈ ਵਿਸੇਸ ਗਿਰਦਾਵਰੀ ਹਾਲੇ ਤੱਕ ਸ਼ੁਰੂ ਨਹੀਂ ਹੋਈ ਹੈ।
Share the post "ਬਠਿੰਡਾ ’ਚ ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਕਾਰਨ 93 ਫ਼ੀਸਦੀ ਕਣਕ ਦੀ ਫ਼ਸਲ ਦਾ ਹੋਇਆ ਨੁਕਸਾਨ"