ਸੁਖਜਿੰਦਰ ਮਾਨ
ਬਠਿੰਡਾ, 14 ਅਕਤੂਬਰ: ਪਿਛਲੀ ਕੈਪਟਨ ਸਰਕਾਰ ਦੌਰਾਨ ਹੀ ਵਿਤ ਮੰਤਰੀ ਨਾਲ ‘ਗੂੜੀ ਮਿੱਤਰਤਾ’ ਦੇ ਧਾਗੇ ’ਚ ਬੱਝੇ ਚੱਲੇ ਆ ਰਹੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਭਲਕੇ ਬਠਿੰਡਾ ’ਚ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਨੀਂਹ ਪੱਥਰ ਰੱਖਣਗੇ। ਹਾਲਾਂਕਿ ਇਸਤੋਂ ਪਹਿਲਾਂ ਦੁਸਹਿਰੇ ’ਚ ਸ਼ਾਮਲ ਹੋਣ ਦਾ ਪ੍ਰੋਗਰਾਮ ਬਣਾਇਆ ਸੀ ਪ੍ਰੰਤੂ ਇਸਨੂੰ ਮੁੱਖ ਮੰਤਰੀ ਦੇ ਹੋਰ ਰੁਝੇਵਿਆਂ ਕਾਰਨ ਰੱਦ ਕਰ ਦਿੱਤਾ ਗਿਆ ਹੈ। ਸੂਚਨਾ ਮੁਤਾਬਕ ਹੁਣ ਮੁੱਖ ਮੰਤਰੀ ਸਵੇਰੇ ਕਰੀਬ 11 ਵਜੇਂ ਬਠਿੰਡਾ ਪੁੱਜਣਗੇ, ਜਿੱਥੇ ਸਭ ਤੋਂ ਪਹਿਲਾਂ ਉਹ ਸਰਹਿੰਦ ਨਹਿਰ ਨੂੰ ਪੱਕੀ ਕਰਨ ਦੇ ਬਹੁਕਰੋੜੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸੇ ਤਰ੍ਹਾਂ ਉਨ੍ਹਾਂ ਵਲੋਂ ਬਠਿੰਡਾ ਸ਼ਹਿਰੀਆਂ ਲਈ ਪ੍ਰਮੁੱਖ ਗਿਣੇ ਜਾਣ ਵਾਲੇ ਰੋਜ਼ ਗਾਰਡਨ ’ਚ 27 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਨਡੋਰ ਅਤੇ ਆਉਟਡੋਰ ਆਡੀਟੋਰੀਅਮ ਦਾ ਨੀਂਹ ਪੱਥਰ ਵੀ ਰੱਖਿਆ ਜਾਣਾ ਹੈ। ਇਸਤੋਂ ਇਲਾਵਾ ਮੁੱਖ ਮੰਤਰੀ ਸ: ਚੰਨੀ ਸ਼ਹਿਰ ਦੇ ਸ਼ਹੀਦ ਫ਼ੌਜੀ ਸੰਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਪਰਸਰਾਮ ਨਗਰ ਚੌਕ ’ਚ ਸਥਿਤ ਯਾਦਗਾਰ ਦੇ ਕੀਤੇ ਨਵੀਂਨੀਕਰਨ ਤੋਂ ਪਰਦਾ ਉਠਾਉਣ ਦੀ ਰਸਮ ਅਦਾ ਕਰਨਗੇ। ਇਹ ਵੀ ਸੂਚਨਾ ਮਿਲੀ ਹੈ ਕਿ ਇਸ ਦੌਰਾਨ ਮੁੱਖ ਮੰਤਰੀ ਸ਼ਹਿਰੀ ਹਲਕੇ ’ਚ ਕੀਤੇ ਜਾਣ ਵਾਲੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਥੇ ਦਸਣਾ ਬਣਦਾ ਹੈ ਕਿ ਸ: ਬਾਦਲ ਦੇ ਪ੍ਰਵਾਰ ਵਲੋਂ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਰਿਹਾਇਸ਼ ਰਖਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਮਾਡਲ ਟਾਊਨ ਦੇ ਇਲਾਕੇ ’ਚ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਘਰ ਸਾਹਮਣੇ ਕੇਂਦਰੀ ਵਿਭਾਗ ਚਾਰਟਡ ਅਕਾਉਂਟੈਂਸ ਤੇ ਪੀਐਫ਼ ਦਫ਼ਤਰ ਦੇ ਬਿਲਕੁੱਲ ਨਾਲ ਲੱਗਦੀ ਜਗ੍ਹਾਂ ਸ਼ਹਿਰ ਦੇ ਦੋ ਵਿਅਕਤੀਆਂ ਕੋਲੋ ਖ਼ਰੀਦੀ ਗਈ ਹੈ। ਇਹ ਜਗ੍ਹਾਂ ਪੁੱਡਾ ਦੀ ਸੀ ਤੇ ਇਸਦੀ ਕੁੱਝ ਸਮਾਂ ਪਹਿਲਾਂ ਹੀ ਖੁੱਲੀ ਬੋਲੀ ਹੋਈ ਸੀ, ਜਿਹੜੀ ਕਰੀਬ ਪ੍ਰਤੀ ਗਜ਼ 28 ਹਜ਼ਾਰ ਤੱਕ ਪੁੱਜਣ ਦੀ ਸੂਚਨਾ ਹੈ। ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਠਿੰਡਾ ਪੋ੍ਰਗਰਾਮਾਂ ਦੀ ਪੁਸ਼ਟੀ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਰੁਣ ਵਧਾਵਨ ਨੇ ਦਸਿਆ ਕਿ ਇਸ ਸਬੰਧ ਵਿਚ ਸਾਰੇ ਇੰਤਜਾਮ ਹੋ ਚੁੱਕੇ ਹਨ।
Share the post "ਮਨਪ੍ਰੀਤ ਬਾਦਲ ਬਠਿੰਡਾ ਚ ਕਰਨਗੇ ਰਿਹਾਇਸ਼, ਮੁੱਖ ਮੰਤਰੀ ਰੱਖਣੇ ਕੋਠੀ ਦਾ ਨੀਂਹ ਪੱਥਰ"