ਇੱਕ ਥਾਂ ਹਵਾਈ ਫ਼ਾਈਰ ਹੋਣ ਤੇ ਕਈ ਥਾਂ ਹੱਥੋਪਾਈਆਂ ਦੀਆਂ ਘਟਨਾਵਾਂ ਵਾਪਰਨ ਦੀ ਸੂਚਨਾ
ਚੋਣ ਘਟਨਾਵਾਂ ਨਾਲ ਬਠਿੰਡਾ ਜ਼ਿਲ੍ਹੇ ’ਚ ਹੋਏ ਅੱਠ ਪਰਚੇ ਦਰਜ਼, ਸੱਤ ਇਕੱਲੇ ਬਠਿੰਡਾ ਸ਼ਹਿਰ ’ਚ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਸੂਬੇ ਦੇ ਵੀਵੀਆਈਪੀ ਹਲਕੇ ਮੰਨੇ ਜਾਂਦੇ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਵਿਚ ’ਚ ਅੱਜ ਸਾਰਾ ਦਿਨ ਬਾਹਰਲੇ ਬੰਦਿਆਂ ਦਾ ‘ਰੌਲਾ’ ਪੈਂਦਾ ਰਿਹਾ। ਵਿਰੋਧੀ ਧਿਰਾਂ ਵਲੋਂ ਸਾਰਾ ਦਿਨ ਵਿਤ ਮੰਤਰੀ ਤੇ ਉਸਦੇ ਰਿਸ਼ਤੇਦਾਰ ਵਿਰੁਧ ਚੋਣ ਅਧਿਕਾਰੀਆਂ ਕੋਲ ਬਾਹਰਲੇ ਬੰਦਿਆਂ ਰਾਹੀਂ ਦਹਿਸ਼ਤ ਫ਼ਲਾਉਣ ਦੀ ਸਿਕਾਇਤਾਂ ਦੀ ਲੜੀ ਲੱਗੀ ਰਹੀ। ਹਾਲਾਂਕਿ ਵਿਰੋਧੀਆਂ ਨੂੰ ਵੀ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੇ ਬਠਿੰਡਾ ਸ਼ਹਿਰ ਦੇ ਵੋਟਰ ਬਣਨ ਦੀ ਖ਼ਬਰ ਵੀ ਬਾਅਦ ਦੁਪਿਹਰ ਹੀ ਲੱਗੀ। ਉਜ ਖ਼ਬਰ ਲਿਖੇ ਜਾਣ ਤੱਕ ਕਿਸੇ ਵੱਡੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਜ਼ਿਲ੍ਹਾ ਪੁਲਿਸ ਵਲੋਂ ਦਿਖ਼ਾਈ ਸਖ਼ਤੀ ਦੀ ਚਰਚਾ ਹੁੰਦੀ ਰਹੀ। ਐਸ.ਐਸ.ਪੀ ਅਮਨੀਤ ਕੋਂਡਲ ਖੁਦ ਸ਼ਹਿਰ ਦੇ ਇੱਕ ਪੋਲਿੰਗ ਬੂਥ ਤੋਂ ਦੂਜੇ ਬੂਥ ਤੱਕ ਚੱਕਰ ਲਗਾਉਂਦੇ ਰਹੇ। ਜ਼ਿਲ੍ਹੇ ਵਿਚ ਚੋਣ ਘਟਨਾਵਾਂ ਨਾਲ ਸਬੰਧਤ ਅੱਠ ਪਰਚੇ ਦਰਜ਼ ਹੋਏ ਜਿੰਨ੍ਹਾਂ ਵਿਚ ਸੱਤ ਪਰਚੇ ਇਕੱਲੇ ਬਠਿੰਡਾ ਸ਼ਹਿਰ ਨਾਲ ਸਬੰਧਤ ਹਨ। ਸ਼ਹਿਰ ਦੇ ਨਰੂਆਣਾ ਰੋਡ ’ਤੇ ਕਥਿਤ ਬਾਹਰਲੇ ਬੰਦਿਆਂ ਵਲੋਂ ਸਾਬਕਾ ਅਕਾਲੀ ਕੋਂਸਲਰ ਨੂੰ ਘੇਰ ਕੇ ਕੁੱਟਮਾਰ ਕਰਨ ਅਤੇ ਗੱਡੀ ਭੰਨਣ ਤੋਂ ਇਲਾਵਾ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਇਸੇ ਤਰ੍ਹਾਂ ਭਾਜਪਾ ਉਮੀਦਵਾਰ ਨੇ ਵੀ ਕਾਂਗਰਸੀ ਕੋਂਸਲਰ ਤੇ ਸਮਰਕਥਕਾਂ ਉਪਰ ਘੇਰ ਕੇ ਹਮਲਾ ਕਰਨ ਦੇ ਦੋਸ਼ ਲਗਾਏ। ਜਦੋਂਕਿ ਕਾਂਗਰਸੀ ਕੋਂਸਲਰ ਨੇ ਉਕਤ ਉਮੀਦਵਾਰ ਵਿਰੁਧ ਗਾਲੀ-ਗਲੌਚ ਦੇ ਦੋਸ਼ ਲਗਾਏ। ਉਧਰ ਨਰੂਆਣਾ ਰੋਡ ’ਤੇ ਵਾਪਰੀ ਘਟਨਾ ਵਿਚ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਵਲੋਂ ਸਾਬਕਾ ਅਕਾਲੀ ਕੋਂਸਲਰ ਹਰਜਿੰਦਰ ਸਿੰਘ ਟੋਨੀ ਦੀ ਸਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ ਪ੍ਰੰਤੂ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਕੀਤੀ ਮੁਢਲੀ ਜਾਂਚ ਵਿਚ ਗੋਲੀ ਚੱਲਣ ਦਾ ਕੋਈ ਸਬੁੂਤ ਸਾਹਮਣੇ ਨਹੀਂ ਆਇਆ। ਸਿਕਾਇਤਕਰਤਾ ਟੋਨੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਮਰਪੁਰਾ ਬਸਤੀ ’ਚ ਇੱਕ ਕਾਂਗਰਸੀ ਕੋਂਸਲਰ ਦੀ ਮਦਦ ਨਾਲ ਬਾਹਰਲੇ ਬੰਦਿਆਂ ਵਲੋਂ ਕਥਿਤ ਖ਼ਰੀਦੋ-ਫ਼ਰੌਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦ ਉਨ੍ਹਾਂ ਵਲੋਂ ਇਸ ’ਤੇ ਨਿਗ੍ਹਾਂ ਰੱਖਣੀ ਸ਼ੁਰੂ ਕੀਤੀ ਤਾਂ ਅੱਧੀ ਦਰਜ਼ਨ ਦੇ ਕਰੀਬ ਗੱਡੀਆਂ ’ਤੇ ਆਏ ਬਾਹਰੀ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਰਾਸਤੇ ਵਿਚ ਘੇਰ ਕੇ ਕੁੱਟਮਾਰ ਕੀਤੀ ਗਈ ਤੇ ਜਦ ਉਹ ਭੱਜਣ ਲੱਗੇ ਤਾਂ ਇੱਕ ਹਮਲਾਵਾਰ ਨੇ ਉਸਦੇ ਨਾਬਾਲਿਗ ਪੁੱਤਰ ’ਤੇ ਗੋਲੀਆਂ ਚਲਾਈਆਂ। ਮੌਕੇ ’ਤੇ ਪੁੱਜੇ ਥਾਣਾ ਕੈਨਾਲ ਕਲੌਨੀ ਦੇ ਮੁਖੀ ਦਲਜੀਤ ਸਿੰਘ ਬਰਾੜ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਲੜਾਈ-ਝਗੜੇ ਦੀ ਘਟਨਾ ਨੂੰ ਜਰੂਰ ਵਾਪਰੀ ਹੈ ਪ੍ਰੰਤੂ ਗੋਲੀ ਚੱਲਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਰਮਲ ਕਲੌਨੀ ਦੇ ਸਾਹਮਣੇ ਵਣ ਵਿਭਾਗ ਦੇ ਦਫ਼ਤਰ ਕੋਲ ਬਣੇ ਪੋਲਿੰਗ ਬੂਥ ’ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਕਾਂਗਰਸ ਸਮਰਥਕ ਬਾਹਰਲੇ ਬੰਦਿਆਂ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਇਆ ਗਿਆ। ਇਸ ਮਾਮਲੇ ਵਿਚ ਥਾਣਾ ਥਰਮਲ ਦੀ ਪੁਲਿਸ ਨੇ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਸਿਵਲ ਤੇ ਪੁਲਿਸ ਅਧਿਕਾਰੀਆਂ ਮੁਤਾਬਕ ਸਭ ਤੋਂ ਵੱਧ ਸਿਕਾਇਤਾਂ ਦਾ ਹੜ੍ਹ ਬਠਿੰਡਾ ਸ਼ਹਿਰੀ ਹਲਕੇ ਵਿਚ ਆਇਆ, ਜਿੱਥੇ ਤਿੰਨਾਂ ਹੀ ਪਾਰਟੀਆਂ ਦੇ ਪ੍ਰਮੁੱਖ ਉਮੀਦਵਾਰ ਇੱਕ-ਦੂਜੇ ਵਿਰੁਧ ਧੱਕੇਸ਼ਾਹੀਆਂ, ਵੋਟਰਾਂ ਨੂੰ ਭਰਮਾਉਣ ਤੇ ਬਾਹਰੀ ਵਿਅਕਤੀਆਂ ਦੀ ਮੱਦਦ ਲੈਣ ਦੇ ਦੋਸ਼ ਲਗਾਉਂਦੇ ਰਹੇ। ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਥਾਣਾ ਸਿਵਲ ਲਾਈਨ ਦੇ ਮੌਜੂਦਾ ਤੇ ਸਾਬਕਾ ਮੁਖੀ ਉਪਰ ਵਿਤ ਮੰਤਰੀ ਦੇ ਹੱਕ ਵਿਚ ਭੁਗਤਣ ਦੀਆਂ ਸਿਕਾਇਤਾਂ ਕੀਤੀਆਂ ਗਈਆਂ। ਉੰਜ ਵਿਤ ਮੰਤਰੀ ਦੀ ਟੀਮ ਨੇ ਵੀ ਵਿਰੋਧੀਆਂ ਵਿਰੁਧ ਪ੍ਰਸ਼ਾਸਨ ਕੋਲ ਸਿਕਾਇਤਾਂ ਕੀਤੀਆਂ। ਇਸੇ ਤਰ੍ਹਾਂ ਸਾਬਕਾ ਵਿਧਾਇਕ ਤੇ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਨੇ ਵੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਬਾਹਰਲੇ ਬੰਦੇ ਮੰਗਵਾ ਕੇ ਵੋਟਰਾਂ ਤੇ ਅਕਾਲੀ ਸਮਰਥਕਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲਗਾਏ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸ਼ਹਿਰ ਵਿਚ ਤਿੰਨ ਵਜੇਂ ਤੱਕ ਕਰੀਬ 57 ਫ਼ੀਸਦੀ ਵੋਟ ਦਾ ਭੁਗਤਾਨ ਹੋ ਚੁੱਕਿਆ ਸੀ ਪ੍ਰੰਤੂ ਚਾਰ ਵਜੇਂ ਤੋਂ ਬਾਅਦ ਮੁੜ ਅਚਾਨਕ ਬੂਥਾਂ ’ਤੇ ਵੋਟਰਾਂ ਦੀ ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਗਈ। ਸ਼ਹਿਰ ਵਿਚ ਬੀਤੇ ਕੱਲ ਤੋਂ ਹੀ ਖ਼ਰੀਦੋ-ਫ਼ਰੌਖਤ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਰਿਹਾ।
ਬਠਿੰਡਾ ’ਚ ਸਾਰਾ ਦਿਨ ਛਾਇਆ ਰਿਹਾ ਬਾਹਰਲੇ ਬੰਦਿਆਂ ਦਾ ‘ਖੌਫ਼’
8 Views