ਲੱਛਣ ਪਤਾ ਲੱਗਣ ਤੇ ਪਹਿਲ ਦੇ ਆਧਾਰ ਉੱਤੇ ਕਰਵਾਇਆ ਜਾਵੇ ਕੋਵਿਡ ਟੈਸਟ
ਸੁਖਜਿੰਦਰ ਮਾਨ
ਬਠਿੰਡਾ, 5 ਜਨਵਰੀ : ਪਿਛਲੇ ਪੌਣੇ ਤਿੰਨ ਸਾਲਾਂ ਤੋਂ ਲੱਖਾਂ ਜਿੰਦਗੀਆਂ ਨੂੰ ਖ਼ਤਮ ਕਰਨ ਵਾਲੀ ਕਰੋਨਾ ਮਹਾਂਮਾਰੀ ਦੇ ਚੀਨ ਵਿਚ ਵਧਦੇ ਪ੍ਰਕੋਪ ਨੂੰ ਦੇਖਦਿਆਂ ਦੇਸ਼ ਅੰਦਰ ਵੀ ਇਸਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਜਾਰੀ ਹਿਦਾਇਤਾਂ ਤੋਂ ਬਾਅਦ ਹੁਣ ਬਠਿੰਡਾ ਜ਼ਿਲ੍ਹੇ ਵਿਚ ਵੀ ਭੀੜ ਵਾਲੀਆਂ ਥਾਵਾਂ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇੱਥੇ ਜਾਰੀ ਬਿਆਨ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦਸਿਆ ਕਿ ਕੋਵਿਡ-19 ਦੀ ਸੰਭਾਵਿਤ ਲਹਿਰ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜਾਰੀ ਐਡਵਾਈਜ਼ਰੀ ਅਨੁਸਾਰ ਜਾਪਾਨ, ਯੂਐਸਏ, ਕੋਰੀਆ, ਬ੍ਰਾਜ਼ੀਲ ਅਤੇ ਚੀਨ ਚ ਕੋਵਿਡ ਦੇ ਅਚਾਨਕ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਡਰ ਸੈਕਸ਼ਨ 2 ਦੀ ਧਾਰਾ ਮਹਾਂਮਾਰੀ ਰੋਗ ਐਕਟ, 1897 (ਕੋਵਿਡ-19 ਰੈਗੂਲੇਸ਼ਨਜ਼ 2022) ਤਹਿਤ ਸਰਕਾਰੀ ਤੇ ਨਿੱਜੀ ਦਫਤਰ ਅਤੇ ਅੰਦਰੂਨੀ/ਆਊਟਡੋਰ ਇਕੱਠ ਤੇ ਜਨਤਕ ਥਾਵਾਂ, ਮਾਲ ਤੋਂ ਇਲਾਵਾ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਮਾਸਕ ਪਹਿਨਣੇ ਯਕੀਨੀ ਬਣਾਏ ਜਾਣ ਤਾਂ ਜੋ ਇਸ ਸੰਭਾਵੀ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।ਜਾਰੀ ਐਡਵਾਈਜ਼ਰੀ ਅਨੁਸਾਰ ਆਪਸੀ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਤੇ ਜਨਤਕ ਥਾਵਾਂ ਤੇ ਨਾ ਥੁੱਕਿਆ ਜਾਵੇ। ਕੋਵਿਡ-19 ਤੋਂ ਪ੍ਰਭਾਵਿਤ ਲੱਛਣਾਂ ਵਾਲੇ ਵਿਅਕਤੀਆਂ ਦਾ ਕਰੋਨਾ ਟੈਸਟ ਕਰਵਾਇਆ ਜਾਵੇ ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਈ ਜਾਵੇ।ਕੋਵਿਡ-19 ਲਈ ਟੈਸਟਿੰਗ ਦੀ ਪੇਸ਼ਕਸ਼ ਕਰ ਰਹੇ ਸਾਰੇ ਹਸਪਤਾਲਾਂ/ਲੈਬਾਂ/ਕੁਲੈਕਸ਼ਨ ਸੈਂਟਰਾਂ ਨੂੰ ਪੰਜਾਬ ਸਰਕਾਰ ਦੇ ਕੋਵਾ ਪੋਰਟਲ ’ਤੇ ਸਕਾਰਾਤਮਕ ਅਤੇ ਨਕਾਰਾਤਮਕ ਨਤੀਜਿਆਂ ਸਮੇਤ ਟੈਸਟਾਂ ਦੇ ਵੇਰਵਿਆਂ ਨੂੰ ਅੱਪਲੋਡ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸ ਤੋਂ ਇਲਾਵਾ ਕੋਵਿਡ-19 ਸੈੱਲ ਨੂੰ ਮੁਕੰਮਲ ਟੈਸਟਿੰਗ ਵੇਰਵਿਆਂ ਬਾਰੇ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ। ਜਿਨ੍ਹਾ ਵਿਅਕਤੀਆਂ ਨੇ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਨਹੀਂ ਲਗਵਾਈ ਉਹ ਜਲਦ ਦੂਜੀ ਡੋਜ਼ ਲਗਵਾਉਣ ਤਾਂ ਜੋ ਕੋਵਿਡ-19 ਦੀ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕੇ।
Share the post "ਬਠਿੰਡਾ ’ਚ ਹੁਣ ਭੀੜ ਵਾਲੀਆਂ ਥਾਵਾਂ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਚ ਮਾਸਕ ਪਹਿਨਣੇ ਲਾਜ਼ਮੀ : ਡਿਪਟੀ ਕਮਿਸ਼ਨਰ"