ਸੁਖਜਿੰਦਰ ਮਾਨ
ਬਠਿੰਡਾ, 13 ਮਈ : ਬਠਿੰਡਾ ਦੀ ਟਰੈਫ਼ਿਕ ਪੁਲਿਸ ਨੇ ਅੱਜ ਨਵੇਂ ਆਦੇਸ ਜਾਰੀ ਕੀਤੇ ਹਨ। ਇੰਨ੍ਹਾਂ ਆਦੇਸ਼ਾਂ ਤਹਿਤ ਹੁਣ ਸ਼ਹਿਰ ’ਚ ਕੋਈ ਵੀ ਵਿਅਕਤੀ ਮੂੰਹ ਬੰਨ ਕੇ ਦੋ ਪਹੀਆਂ ਵਾਹਨ ਨਹੀਂ ਚਲਾ ਸਕੇਗਾ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸਦਾ ਚਲਾਨ ਕੱਟਿਆ ਜਾਵੇਗਾ। ਬਠਿੰਡਾ ਸਿਟੀ ਟਰੈਫ਼ਿਕ ਪੁਲਿਸ ਦੇ ਇੰਚਾਰਜ਼ ਸਬ ਇੰਸਪੈਕਟਰ ਅਮਰੀਕ ਸਿੰਘ ਵਲੋਂ ਅੱਜ ਇਸ ਸਬੰਧ ਵਿਚ ਇੱਕ ਵੀਡੀਓ ਜਾਰੀ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਸ਼ਹਿਰ ਵਾਸੀਆਂ ਤੇ ਇੱਥੋਂ ਦੀ ਗੁਜਰਨ ਵਾਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘‘ ਗਰਮੀ ਕਾਰਨ ਅੱਜ ਕੱਲ ਹਰ ਕੋਈ ਮੂੰਹ ਨੂੰ ਕੱਪੜੇ ਨਾਲ ਢਕ ਲੈਂਦਾ ਪ੍ਰੰਤੂ ਇਸਦੇ ਨਾਲ ਪਿਛਲੇ ਕੁੱਝ ਸਮੇਂ ਤੋਂ ਦੇਖਣ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਗੈਰ-ਸਮਾਜੀ ਅਨਸਰ ਵੀ ਇਸਦਾ ਫ਼ਾਈਦਾ ਉਠਾ ਰਹੇ ਹਨ। ’’ ਟਰੈਫ਼ਿਕ ਇੰਚਾਰਜ਼ ਨੇ ਇਹ ਵੀ ਦਾਅਵਾ ਕੀਤਾ ਕਿ ਨਿਯਮਾਂ ਮੁਤਾਬਕ ਵੀ ਮੂੰਹ ਢਕ ਕੇ ਸਫ਼ਰ ਕਰਨਾ ਗੈਰ ਕਾਨੂੰਨੀ ਹੈ, ਜਿਸਦੇ ਚੱਲਦੇ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਮੂੰਹ ਬੰਨ ਕੇ ਵਹੀਕਲ ਖ਼ਾਸਕਰ ਮੋਟਰਸਾਈਕਲ-ਸਕੂਟਰ ਆਦਿ ਚਲਾਏਗਾ ਤਾਂ ਉਸਦਾ ਚਲਾਨ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸ਼ਹਿਰ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਲੁੱਟਖੋਹ ਤੇ ਚੋਰੀ ਦੀਆਂ ਘਟਨਾਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਜਿਸਦੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਅਕਸਰ ਹੀ ਮੁਹੱਲਿਆਂ ਤੇ ਘਰਾਂ ਅੱਗੇ ਗਲੀਆਂ ਵਿਚ ਜਾ ਰਹੀਆਂ ਔਰਤਾਂ ਦੀਆਂ ਕੰਨਾਂ ਦੀਆਂ ਬਾਲੀਆਂ ਅਤੇ ਪਰਸ ਤੇ ਮੋਬਾਇਲ ਫ਼ੋਨ ਆਦਿ ਖੋਹ ਕੇ ਭੱਜ ਜਾਂਦੇ ਹਨ। ਅਕਸਰ ਹੀ ਉਨ੍ਹਾਂ ਦੇ ਮੂੰਹ ਢਕੇ ਹੋਣ ਕਾਰਨ ਉਨ੍ਹਾਂ ਦੀ ਪਹਿਚਾਣ ਵੀ ਥਾਂ ਥਾਂ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਨਹੀਂ ਆਉਂਦੀ, ਜਿਸ ਕਾਰਨ ਹੁਣ ਪੁਲਿਸ ਵਲੋਂ ਇਹ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਕੁੱਝ ਆਮ ਲੋਕ ਪੁਲਿਸ ਦੇ ਇਸ ਫੈਸਲੇ ਨਾਲ ਸਹਿਮਤ ਹੁੰਦੇ ਨਜਰ ਨਹੀਂ ਆ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਕੱਲ ਪੈ ਰਹੀ ਭਿਆਨਕ ਗਰਮੀ ਕਾਰਨ ਆਮ ਸ਼ਹਿਰੀ ਵੀ ਅਪਣੇ ਮੂੰਹ ’ਤੇ ਕੱਪੜਾ ਲੈ ਲੈਂਦੇ ਹਨ। ਇਸਤੋਂ ਇਲਾਵਾ ਨਿਯਮਾਂ ਤਹਿਤ ਹੈਲਮੇਟ ਪਹਿਨਣਾ ਵੀ ਜਰੂਰੀ ਹੈ ਤੇ ਹੈਲਮੇਟ ਵਿਚ ਵੀ ਕਿਸੇ ਦੀ ਪਹਿਚਾਣ ਨਹੀਂ ਆਉਂਦੀ ਹੈ।
Share the post "ਬਠਿੰਡਾ ’ਚ ਹੁਣ ‘ਮੂੰਹ’ ਬੰਨ ਕੇ ਮੋਟਰਸਾਈਕਲ-ਸਕੂਟਰ ਵਾਲਿਆਂ ਦੀ ਖੈਰ ਨਹੀਂ, ਪੁਲਿਸ ਕੱਟੇਗੀ ਚਲਾਨ"