ਪਾਰਟੀ ਦੇ ਬੁਲਾਰੇ ਨੀਲ ਗਰਗ ਬਣੇ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ
ਕਿਸਾਨ ਵਿੰਗ ਦੇ ਆਗੂ ਜਤਿੰਦਰ ਭੱਲਾ ਨੂੰ ਬਣਾਇਆ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ
ਪਹਿਲਾਂ ਵੀ ਬਠਿੰਡਾ ਜ਼ਿਲ੍ਹੈ ਦੇ ਹਿੱਸੇ ਆ ਚੁੱਕੀਆਂ ਹਨ ਪੰਜ ਚੇਅਰਮੈਨੀਆਂ
ਸੁਖਜਿੰਦਰ ਮਾਨ
ਬਠਿੰਡਾ, 12 ਜਨਵਰੀ : ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਅੱਜ ਨਵਂੇ ਬਣਾਏ ਗਏ 17 ਚੇਅਰਮੈਨਾਂ ਵਿਚ ਦੋ ਚੇਅਰਮੈਨੀਆਂ ਬਠਿੰਡਾ ਜ਼ਿਲ੍ਹੇ ਦੇ ਹਿੱਸੇ ਆਈਆਂ ਹਨ। ਪਾਰਟੀ ਦੇ ਬੁਲਾਰੇ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਨੂੰ ਪੰਜਾਬ ਮੀਡੀਅਮ ਉਦਯੋਗ ਵਿਕਾਸ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ ਜਦੋਂਕਿ ਕਿਸਾਨ ਵਿੰਗ ਦੇ ਨੌਜਵਾਨ ਆਗੂ ਜਤਿੰਦਰ ਭੱਲਾ ਨੂੰ ਨਗਰ ਸੁਧਾਰ ਟਰੱਸਟ ਬਠਿੰਡਾ ਦੀ ਚੇਅਰਮੈਨੀ ਦਿੱਤੀ ਗਈ ਹੈ। ਉਕਤ ਦੋਨੋਂ ਆਗੂ ਕ੍ਰਮਵਾਰ ਬਠਿੰਡਾ ਸ਼ਹਿਰੀ ਅਤੇ ਰਾਮਪੁਰਾ ਫ਼ੂਲ ਹਲਕੇ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਦੇ ਦਾਅਵੇਦਾਰ ਵੀ ਸਨ ਪ੍ਰੰਤੂ ਪਾਰਟੀ ਨੇ ਇੱਥੋਂ ਜਗਰੂਪ ਸਿੰਘ ਗਿੱਲ ਤੇ ਬਲਕਾਰ ਸਿੱਧੂ ਨੂੰ ਉਮੀਦਵਾਰ ਬਣਾਇਆ ਸੀ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਦੋਨਾਂ ਆਗੂਆਂ ਨੂੰ ਸਰਕਾਰ ਵਿਚ ਵੱਡੀ ਜਿੰਮੇਵਾਰੀ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਬਠਿੰਡਾ ਜ਼ਿਲ੍ਹੇ ਦੇ ਹਿੱਸੇ ਆਪ ਸਰਕਾਰ ਵਿਚ ਪੰਜ ਚੇਅਰਮੈਨੀਆਂ ਆ ਚੁੱਕੀਆਂ ਹਨ। ਜਿੰਨ੍ਹਾਂ ਵਿਚੋਂ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਲਾਲ ਅਗਰਵਾਲ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ, ਸਾਬਕਾ ਜਿਲ੍ਹਾ ਪ੍ਰਧਾਨ ਤੇ ਲੀਗਲ ਵਿੰਗ ਦੇ ਸੂਬਾਈ ਆਗੂ ਨਵਦੀਪ ਸਿੰਘ ਜੀਦਾ ਨੂੰ ਸੂਗਰਫੈਡ ਪੰਜਾਬ ਦਾ ਚੇਅਰਮੈਨ, ਲੋਕ ਸਭਾ ਬਠਿੰਡਾ ਦੇ ਕੁਆਰਡੀਨੇਟਰ ਰਾਕੇਸ਼ ਪੁਰੀ ਨੂੰ ਜੰਗਲਾਤ ਕਾਰਪੋਰੇਸ਼ਨ ਪੰਜਾਬ ਦਾ ਚੇਅਰਮੈਨ, ਪਾਰਟੀ ਦੇ ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ ਨੂੰ ਪੰਜਾਬ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਤੇ ਰਾਮਪੁਰਾ ਫ਼ੂਲ ਹਲਕੇ ਨਾਲ ਸਬੰਧਤ ਇੱਕ ਹੋਰ ਆਗੂ ਇੰਦਰਜੀਤ ਸਿੰਘ ਮਾਨ ਨੂੰ ਪੰਜਾਬ ਖ਼ਾਦੀ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਸੀ। ਜਿਸਦੇ ਚੱਲਦੇ ਹੁਣ ਤੱਕ ਜ਼ਿਲ੍ਹੇ ਵਿਚ ਕੁੱਲ ਸੱਤ ਚੇਅਰਮੈਨ ਬਣ ਚੁੱਕੇ ਹਨ।
ਬਾਕਸ
ਬਠਿੰਡਾ ਸ਼ਹਿਰੀ ‘ਚੋਂ 5 ਅਤੇ ਫ਼ੂਲ ਹਲਕੇ ’ਚੋਂ 2 ਚੇਅਰਮੈਨ ਬਣਾਏ, ਬਾਕੀ ਹਲਕੇ ਕੀਤੇ ਅਣਗੋਲੇ!
ਬਠਿੰਡਾ: ਉਧਰ ਜੇਕਰ ਹੁਣ ਤੱਕ ਆਪ ਸਰਕਾਰ ’ਚ ਬਣੇ ਸੱਤ ਚੇਅਰਮੈਨਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿਚੋਂ ਸਭ ਤੋਂ ਵੱਧ ਇਕੱਲੇ ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਤ ਪੰਜ ਚੇਅਰਮੈਨ ਹਨ। ਜਦੋਂਕਿ ਬਾਕੀ ਦੋ ਚੇਅਰਮੈਨ ਰਾਮਪੁਰਾ ਹਲਕੇ ਨਾਲ ਸਬੰਧਤ ਹਨ, ਜਿੰਨ੍ਹਾਂ ਵਿਚੋਂ ਪੰਜਾਬ ਖ਼ਾਦੀ ਬੋਰਡ ਦੇ ਚੇਅਰਮੈਨ ਇੰਦਰਜੀਤ ਮਾਨ ਅਤੇ ਅੱਜ ਨਵੇਂ ਬਣਾਏ ਗਏ ਬਠਿੰਡਾ ਇੰਪਰੂਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਸ਼ਾਮਲ ਹਨ। ਪ੍ਰੰਤੂ ਜ਼ਿਲ੍ਹੇ ਵਿਚ ਪੈਂਦੇ ਬਾਕੀ ਚਾਰ ਵਿਧਾਨ ਸਭਾ ਹਲਕਿਆਂ ਤਲਵੰਡੀ ਸਾਬੋ, ਮੋੜ, ਭੁੱਚੋਂ ਮੰਡੀ ਅਤੇ ਬਠਿੰਡਾ ਦਿਹਾਤੀ ਖੇਤਰ ਨਾਲ ਸਬੰਧਤ ਇੱਕ ਵੀ ਆਪ ਆਗੂ ਨੂੰ ਨਾਂ ਤਾਂ ਜ਼ਿਲ੍ਹਾ ਅਤੇ ਨਾ ਹੀ ਸੂਬਾਈ ਚੇਅਰਮੈਨੀ ਦੇ ਯੋਗ ਸਮਝਿਆ ਗਿਆ ਹੈ। ਜਿਸਦੇ ਚੱਲਦੇ ਆਉਣ ਵਾਲੇ ਦਿਨਾਂ ਵਿਚ ਇਹ ਮੁੱਦਾ ਉੱਠ ਸਕਦਾ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ 6 ਵਿਧਾਨ ਸਭਾ ਹਲਕਿਆਂ ਵਿਚ ਹੀ ਆਪ ਦੇ ਵਿਧਾਇਕ ਜੇਤੂ ਰਹੇ ਸਨ।