ਕਾਲਜ਼ ਵਲੋਂ ਇੱਕ ਵਿਸੇਸ ਸਮਾਗਮ ਕਰਕੇ ਨੈਨਸੀ ਛਾਬੜਾ ਨੂੰ ਸਨਮਾਨਿਤ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 19 ਮਈ : ਬਠਿੰਡਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਰਹੀ ਨੈਨਸੀ ਛਾਬੜਾ ਉੱਤਰਾਖੰਡ ’ਚ ਜੱਜ ਚੁਣੀ ਗਈ ਹੈ। ਸਖ਼ਤ ਮੁਕਾਬਲੇ ਦੀ ਹੋਈ ਪ੍ਰੀਖ੍ਰਿਆ ’ਚ ਪੰਜਵੇਂ ਸਥਾਨ ’ਤੇ ਰਹਿ ਕੇ ਨੈਨਸੀ ਨੇ ਇਹ ਮੁਕਾਮ ਹਾਸਲ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਵਿਆਹ ਤੋਂ ਬਾਅਦ ਕਾਨੂੰਨ ਦੀ ਪੜਾਈ ਕਰਨ ਵਾਲੀ ਨੈਨਸੀ ਨੇ ‘ਜੱਜ’ ਬਣਨ ਲਈ ਕਰੀਬ ਅੱਠ ਸਾਲ ਲਗਾਤਾਰ ਮਿਹਨਤ ਕੀਤੀ ਤੇ ਕਈ ਵਾਰ ਉਹ ਸਫ਼ਲਤਾ ਦੇ ਨੇੜੇ ਜਾ ਕੇ ਮੁੜਦੀ ਰਹੀ। ਅਪਣੀ ਸਾਬਕਾ ਵਿਦਿਆਰਥਣ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਅੱਜ ਕਾਲਜ਼ ਵਲੋਂ ਇੱਕ ਵਿਸੇਸ ਸਮਾਗਮ ਕਰਕੇ ਉਸਨੂੰ ਸਨਮਾਨਿਤ ਕੀਤਾ ਗਿਆ। ਜਿੱਥੇ ਅਪਣੇ ਪਤੀ ਨਵਦੀਪ ਰਹੇਜ਼ਾ ਨਾਲ ਪੁੱਜੀ ਜੱਜ ਨੈਨਸੀ ਛਾਬੜਾ ਨੇ ਕਾਲਜ਼ ’ਚ ਬਿਤਾਏ ਅਪਣੇ ਪਲਾਂ ਤੋਂ ਇਲਾਵਾ ਸਫ਼ਲਤਾ ਲਈ ਮਿਹਨਤ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਦਸਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਬਠਿੰਡਾ ਐਫ਼.ਐਮ ਦੇ ਡਾਇਰੈਕਟਰ ਰਾਜੀਵ ਅਰੋੜਾ ਪੁੱਜੇ ਹੋਏ ਸਨ, ਜਦੋਂਕਿ ਇਸੇ ਕਾਲਜ਼ ਨਾਲ ਜੁੜੇ ਰਹੇ ਜੋਤਨਰੰਜਨ ਸਿੰਘ ਗਿੱਲ ਪ੍ਰਧਾਨ, ਖਪਤਕਾਰ ਅਦਾਲਤ ਸੰਗਰੂਰ, ਦੀਪਇੰਦਰ ਕੌਰ ਉਪ ਜ਼ਿਲ੍ਹਾ ਅਟਾਰਨੀ ਅਤੇ ਸਿਮਰਜੀਤ ਸਿੰਘ ਸਹਾਇਕ ਕਾਨੂੰਨੀ ਅਫਸਰ ਵੀ ਵਿਸੇਸ ਤੌਰ ’ਤੇ ਪੁੱਜੇ ਹੋਏ ਸਨ। ਸਮਾਗਮ ਦੌਰਾਨ ਕਾਲਜ ਆਫ਼ ਲਾਅ ਬਠਿੰਡਾ ਦੀ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਗਰਗ ਅਤੇ ਪ੍ਰਿੰਸੀਪਲ ਡਾ: ਰਮਨਦੀਪ ਸਿੰਘ ਸਿੱਧੂ ਵਲੋਂ ਮੁੱਖ ਮਹਿਮਾਨ ਸਹਿਤ ਸਮੂਹ ਪਤਵੰਤਿਆਂ ਦਾ ਕਾਲਜ ਵਿਹੜੇ ਵਿੱਚ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਚੇਅਰਮੈਨ ਗਰਗ ਨੇ ਅਪਣੇ ਸੁਆਗਤੀ ਭਾਸ਼ਣ ਦਿੱਤਾ ਵਿਚ ਕਾਲਜ਼ ਦੇ ਸਾਬਕਾ ਵਿਦਿਆਰਥੀਆਂ ਤੇ ਸਟਾਫ਼ ਦੀਆਂ ਪ੍ਰਾਪਤੀਆਂ ‘ਤੇ ਖ਼ੁਸੀ ਜਾਹਰ ਕਰਦਿਆਂ ਖੁਦ ਨੂੰ ਸਨਮਾਨਤ ਮਹਿਸੂਸ ਕੀਤਾ। ਉਨ੍ਹਾਂ ਨੇ ਬਠਿੰਡਾ ਕਾਲਜ ਆਫ਼ ਲਾਅ ਦੀ ਤਰਫ਼ੋਂ ਨੈਨਸੀ ਛਾਬੜਾ ਨੂੰ ਉਸ ਦੇ ਟੀਚੇ ਦੀ ਪ੍ਰਾਪਤੀ ਲਈ ਵਧਾਈ ਦਿੱਤੀ । ਇਸ ਮੌਕੇ ਅਪਣੇ ਭਾਸਣ ਵਿਚ ਨੈਨਸੀ ਛਾਬੜਾ ਨੇ ਅਜਿਹੇ ਉੱਚੇ ਟੀਚਿਆਂ ਦੀ ਪ੍ਰਾਪਤੀ ਲਈ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਦਸਿਆ ਕਿ ਉਸਨੂੰ ਵੀ ਆਪਣੇ ਟੀਚੇ ਦੀ ਪ੍ਰਾਪਤੀ ਲਈ ਲਗਪਗ 8 ਸਾਲਾਂ ਦੀ ਨਿਰੰਤਰਤਾ ਅਤੇ ਲਗਨ ਨਾਲ ਮਿਹਨਤ ਕਰਨੀ ਪਈ। ਅਖੀਰ ਵਿੱਚ ਬਠਿੰਡਾ ਕਾਲਜ ਆਫ਼ ਲਾਅ ਦੇ ਪ੍ਰਿੰਸੀਪਲ ਡਾ: ਰਮਨਦੀਪ ਸਿੰਘ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ ਅਤੇ ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕਾਲਜ਼ ਦੇ ਸਮੂਹ ਸਟਾਫ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਬਠਿੰਡਾ ਦੇ ਲਾਅ ਕਾਲਜ਼ ਦੀ ਸਾਬਕਾ ਵਿਦਿਆਰਥਣ ਬਣੀ ਉੱਤਰਾਖੰਡ ’ਚ ਜੱਜ
12 Views