ਸੁਖਜਿੰਦਰ ਮਾਨ
ਬਠਿੰਡਾ, 9 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਅਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਅੱਜ ਸ਼ਹਿਰ ਅੰਦਰ ਅਜੀਤ ਰੋਡ, ਪਾਵਰ ਹਾਊਸ ਰੋਡ, ਜਨਤਾ ਨਗਰ, ਸਿਰਕੀ ਬਜਾਰ, ਪਰਸ ਰਾਮ ਨਗਰ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਨੇਕਾਂ ਐਲਾਨ ਕੀਤੇ, ਪਰ ਇਕ ਵੀ ਵਾਅਦਾ ਵਫਾ ਨਹੀਂ ਹੋ ਸਕਿਆ ਤੇ ਨਾ ਹੀ ਕਿਸੇ ਤਰਾਂ ਦੀ ਉਮੀਦ ਕੀਤੀ ਜਾ ਸਕਦੀ ਹੈ। ਦਰਅਸਲ ਉਹ ਹਾਈਕਮਾਨ ਦੇ ਇਸ਼ਾਰੇ ’ਤੇ ਵੱਡੇ ਵੱਡੇ ਐਲਾਨ ਕਰਕੇ ਲੋਕਾਂ ਨੂੰ ਮੁੜ ਤੋਂ ਗੁੰਮਰਾਹ ਕਰਨਾ ਚਾਹੁੰਦੇ ਸਨ, ਪਰ ਪੰਜਾਬ ਦੇ ਲੋਕ ਹੁਣ ਸਿਅਣੇ ਹੋ ਚੁੱਕੇ ਹਨ, ਜੋ ਕਾਂਗਰਸ ਦੀਆਂ ਚਾਲਾਂ ਵਿਚ ਨਹੀਂ ਆਉਣਗੇ। ਉਨਾਂ ਕਿਹਾ ਕਿ ਦੂਜੇ ਪਾਸੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 5 ਸਾਲ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦਿੰਦੇ ਹੀ ਰਹਿ ਗਏ, ਜਦਕਿ ਬਠਿੰਡਾ ਸ਼ਹਿਰ ਨੂੰ ਉਮੀਦ ਸੀ ਕਿ ਖਜ਼ਾਨਾ ਮੰਤਰੀ ਦਾ ਸ਼ਹਿਰ ਨੂੰ ਵੱਡਾ ਲਾਭ ਹੋਵੇਗਾ, ਪਰ ਐਸਾ ਨਹੀਂ ਹੋ ਸਕਿਆ। ਉਨਾਂ ਕਿਹਾ ਕਿ ਲੋਕ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਨੂੰ ਕਈ ਮੌਕੇ ਦੇ ਚੁੱਕੇ ਹਨ, ਪਰ ਇਸ ਵਾਰ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਜਾ ਰਹੇ ਹਨ। ਜਿਸਦੇ ਨਤੀਜ਼ੇ ਇਹ ਹੋਣਗੇ ਕਿ ਪੰਜਾਬ ਵਿਚ ਕਿਸੇ ਹੋਰ ਪਾਰਟੀ ਦੀ ਜ਼ਰੂਰਤ ਹੀ ਨਹੀਂ ਪਵੇਗੀ। ਕਿਉਂਕਿ ਆਪ ਨੇ ਪੰਜਾਬ ਦੇ ਚਹੁੰਮੁਖੀ ਵਿਕਾਸ ਲਈ ਪਹਿਲਾਂ ਹੀ ਵੱਡੀਆਂ ਯੋਜਨਾਵਾਂ ਦਾ ਖਾਕਾ ਤਿਆਰ ਕਰ ਰੱਖਿਆ ਹੈ,ਜਿਸਨੂੰ ਹਰ ਹਾਲ ਅਮਲ ਲਿਆਂਦਾ ਜਾਵੇਗਾ।
Share the post "ਬਠਿੰਡਾ ਦੇ ਲੋਕ ਹੁਣ ਮਨਪ੍ਰੀਤ ਬਾਦਲ ਦੀਆਂ ਚਾਲਾਂ ’ਚ ਨਹੀਂ ਆਉਣਗੇ-ਜਗਰੂਪ ਗਿੱਲ"