ਬੰਬਾਰੀ ਤੇ ਮਿਸਾਇਲ ਹਮਲਿਆਂ ਕਾਰਨ ਬੰਕਰਾਂ ’ਚ ਲੁਕਣ ਲਈ ਹੋਏ ਮਜਬੂਰ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਰੂਸ ਤੇ ਯੂਕਰੇਨ ’ਚ ਚੱਲ ਰਹੀ ਜੰਗ ਦੌਰਾਨ ਮੈਡੀਕਲ ਕਰਨ ਦੀ ਪੜਾਈ ਕਰਨ ਗਏ ਬਠਿੰਡਾ ਦੇ ਅੱਧੀ ਦਰਜ਼ਨ ਵਿਦਿਆਰਥੀਆਂ ਦੇ ਯੂਕਰੇਨ ਦੇ ਵੱਖ ਵੱਖ ਕਾਲਜ਼ਾਂ ’ਚ ਫ਼ਸਣ ਕਾਰਨ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਵਧ ਗਈ ਹੈ। ਪਤਾ ਲੱਗਿਆ ਹੈ ਕਿ ਤਲਵਡੀ ਸਾਬੋ ਦੇ ਸਕੇ ਭੈਣ-ਭਰਾ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਦੋ ਬੱਚੇ ਅਤੇ ਰਾਮਪੁਰਾ ਦਾ ਇੱਕ ਬੱਚਾ ਯੂਕਰੇਨ ’ਚ ਮੈਡੀਕਲ ਦੀ ਪੜਾਈ ਕਰਨ ਗਿਆ ਹੋਇਆ ਹੈ। ਇੰਨ੍ਹਾਂ ਬੱਚਿਆਂ ਵਿਚੋਂ ਕੁੱਝ ਨੇ ਸੰਪਰਕ ਕਰਨ ’ਤੇ ਦਸਿਆ ਕਿ ‘‘ ਇੱਥੇ ਡਰ ਤੇ ਚਿੰਤਾ ਵਾਲਾ ਮਾਹੌਲ ਹੈ ਕਿਉਂਕਿ ਹਰ ਪਾਸੇ ਬੰਬਾਂ ਤੇ ਜਹਾਜਾਂ ਦੀ ਖੜਖਹਾਟ ਹੀ ਸੁਣਾਈ ਦਿੰਦੀ ਹੈ। ’’ ਯੂਕਰੇਨ ਦੇ ਸ਼ਹਿਰ ਵਿਨਸੀਆ ਦੇ ਪ੍ਰੋਗਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਪੜ ਰਹੇ ਹਰਸ਼ਦੀਪ ਸਿੰਘ ਤੇ ਪਲਕਪ੍ਰੀਤ ਕੌਰ ਦੇ ਪਿਤਾ ਗੁਰਜਿੰਦਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ‘‘ ਹੋਰਨਾਂ ਬੱਚਿਆਂ ਸਹਿਤ ਉਨ੍ਹਾਂ ਦੇ ਬੱਚਿਆਂ ਨੂੰ ਵੀ ਇੱਕ ਦਿਨ ਪਹਿਲਾਂ ਸੜਕੀ ਰਾਸਤੇ ਰਾਹੀਂ ਹੰਗਰੀ ਲਿਜਾਇਆ ਜਾ ਰਿਹਾ ਸੀ ਪ੍ਰੰਤੂ ਰਾਸਤੇ ’ਚ ਹਮਲੇ ਦਾ ਸਾਇਰਨ ਵੱਜਣ ਕਾਰਨ ਮੁੜ ਉਨ੍ਹਾਂ ਨੂੰ ਬੰਕਰਾਂ ਵਿਚ ਭੇਜ ਦਿੱਤਾ ਗਿਆ, ਜਿੱਥੋਂ ਹੁਣ ਯੂਨੀਵਰਸਿਟੀ ਦੇ ਹੋਸਟਲ ਵਿਚ ਲਿਜਾਇਆ ਗਿਆ ਹੈ। ’’ ਉਨ੍ਹਾਂ ਦਸਿਆ ਕਿ ਦੂਜੇ ਸਮੈਸਟਰ ਦੇ ਵਿਦਿਆਰਥੀ ਦੋਨਾਂ ਭੈਣ-ਭਰਾਵਾਂ ਨੇ ਪੇਪਰਾਂ ਤੋਂ ਬਾਅਦ ਮਾਰਚ ਵਿਚ ਵਾਪਸ ਆਉਣਾ ਸੀ ਪ੍ਰੰਤੂ ਹੁਣ ਉਹ ਫ਼ਲਾਈਟਾਂ ਬੰਦ ਹੋਣ ਕਾਰਨ ਫ਼ਸ ਗਏ ਹਨ। ਇਸ ਸ਼ਹਿਰ ਦੇ ਫੌਜੀ ਬੇਸ ਤੋਂ ਇਲਾਵਾ ਕੈਮੀਕਲ ਫੈਕਟਰੀ ’ਤੇ ਰੂਸ ਦੀਆਂ ਫ਼ੋਜਾਂ ਨੇ ਹਮਲਾ ਕੀਤਾ ਹੈ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਦੇ ਵਿਦਿਆਰਥੀ ਦੀ ਵੀ ਵਾਪਸੀ ਰੁਕ ਗਈ ਹੈ। ਪਤਾ ਲੱਗਿਆ ਹੈ ਕਿ 24 ਫ਼ਰਵਰੀ ਨੂੰ ਫ਼ਲਾਈਟਾਂ ਬੰਦ ਹੋਣ ਤੋਂ ਪਹਿਲਾਂ ਹਵਾਈ ਕਿਰਾਏ ਵਿਚ ਵੀ ਕਈ ਗੁਣਾਂ ਵਾਧਾ ਹੋਇਆ ਹੈ। ਉਧਰ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਯੂਕਰੇਨ ’ਚ ਗਏ ਵਿਦਿਆਰਥੀਆਂ ਤੇ ੳਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਐਸਐਸਪੀ ਮੈਡਮ ਅਮਨੀਤ ਕੋਂਡਲ ਨੇ ਦਸਿਆ ਕਿ ‘‘ ਹੁਣ ਤੱਕ ਅੱਧੀ ਦਰਜ਼ਨ ਦੇ ਕਰੀਬ ਵਿਦਿਆਰਥੀਆਂ ਦੇ ਮਾਪਿਆਂ ਨਾਲ ਸੰਪਰਕ ਹੋਇਆ ਹੈ ਤੇ ਨੋਡਲ ਅਧਿਕਾਰੀ ਦੀ ਕਈ ਬੱਚਿਆਂ ਨਾਲ ਉਨ੍ਹਾਂ ਦੀ ਵਟਸਅੇਪ ਰਾਹੀਂ ਗੱਲਬਾਤ ਵੀ ਹੋਈ ਹੈ। ’’ ਉਨ੍ਹਾਂ ਕਿਹਾ ਕਿ ਪੁਲਿਸ ਹਰ ਸਮੇਂ ਇਨ੍ਹਾਂ ਦੇ ਸਹਿਯੋਗ ਲਈ ਹਾਜ਼ਰ ਹੈ।
ਬਠਿੰਡਾ ਦੇ ਵੀ ਅੱਧੀ ਦਰਜ਼ਨ ਵਿਦਿਆਰਥੀ ਯੂਕਰੇਨ ’ਚ ਫ਼ਸੇ, ਮਾਪੇ ਚਿੰਤਤ
13 Views