ਸੁਖਜਿੰਦਰ ਮਾਨ
ਬਠਿੰਡਾ, 18 ਮਾਰਚ : ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋਂ ਮੰਡੀ ਦੇ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਸਾਲ ਪੂਰਾ ਹੌਣ ’ਤੇ ਰੱਖੇ ਧਰਨੇ ਨੂੰ ਸੰਬੋਧਨ ਕਰਨ ਆਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਸੰਮਨ ਤਾਮੀਲ ਕਰਵਾਏ ਦਿੱਤੇ। ਸੂਚਨਾ ਮੁਤਾਬਕ ਥਾਣਾ ਕੋਟਕਪੂਰਾ ਸਿਟੀ ਦੇ ਦੋ ਪੁਲਿਸ ਅਧਿਕਾਰੀ ਇਸ ਮੌਕੇ ਪੁੱਜੇ ਹੋਏ ਸਨ, ਜਦ ਧਰਨਾ ਖ਼ਤਮ ਹੋਣ ਤੋਂ ਬਾਅਦ ਸ: ਬਾਦਲ ਅਪਣੀ ਗੱਡੀ ਵਿਚ ਬੈਠ ਕੇ ਸਵਾਰ ਹੋਣ ਲੱਗੇ ਤਾਂ ਉਕਤ ਪੁਲਿਸ ਅਧਿਕਾਰੀ ਅੱਗੇ ਹੋ ਗਏ ਤੇ ਉਨ੍ਹਾਂ ਸੁਖਬੀਰ ਬਾਦਲ ਨੂੰ 23 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਜਾਰੀ ਸੰਮਨਾਂ ਦਾ ਹਵਾਲਾ ਦਿੱਤਾ। ਜਿਸਤੋਂ ਬਾਅਦ ਇੰਨ੍ਹਾਂ ਸੰਮਨਾਂ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦੇ ਸੁਰੱਖਿਆ ਡਿਊਟੀ ਵਿਚ ਲੱਗੇ ਇੱਕ ਅਧਿਕਾਰੀ ਨੇ ਰਿਸੀਵਿੰਗ ਵੀ ਦਿੱਤੀ। ਗੌਰਤਲਬ ਹੈ ਕਿ ਕੋਟਕਪੂਰਾ ਗੋਲੀਕਾਂਡ ਵਿਚ ਐੱਸਆਈਟੀ ਵੱਲੋਂ ਅਦਾਲਤ ’ਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਹਿਤ ਕਈਆਂ ਨੂੰ ਮੁਜਰਮ ਬਣਾਇਆ ਗਿਆ ਹੈ ਤੇ ਇਸ ਮਾਮਲੇ ਵਿਚ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਦੀ ਜਮਾਨਤ ਅਰਜੀ ਵੀ ਰੱਦ ਕਰ ਦਿੱਤੀ ਹੈ। ਜਿਸਦੇ ਚੱਲਦੇ ਹੁਣ ਜੇਕਰ ਕੋਈ ਉਪਰਲੀ ਅਦਾਲਤ ਸ: ਬਾਦਲ ਨੂੰ ਕੋਈ ਕਾਨੂੰਨੀ ਰਾਹਤ ਨਾ ਦਿੱਤੀ ਤਾਂ ਉਨ੍ਹਾਂ ਨੂੰ 23 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣਾ ਪਏਗਾ, ਜਿੱਥੇ ਪੁਲਿਸ ਉਨ੍ਹਾਂ ਦੀ ਹਿਰਾਸਤ ਮੰਗ ਸਕਦੀ ਹੈ। ਦੱਸਣਾ ਬਣਦਾ ਹੈ ਕਿ ਬੀਤੇ ਕੱਲ ਉਕਤ ਧਰਨੇ ਦੌਰਾਨ ਵੀ ਸੁਖਬੀਰ ਸਿੰਘ ਬਾਦਲ ਨੇ ਅਪਣੇ ਪ੍ਰਵਾਰ ਖਿਲਾਫ਼ ਪੇਸ਼ ਕੀਤੇ ਚਲਾਨ ਨੂੰ ਸਿਆਸਤ ਤੋਂ ਪ੍ਰੇਰਤ ਦਸਿਆ ਸੀ।
ਬਠਿੰਡਾ ਧਰਨੇ ’ਚ ਪੁੱਜੇ ਸੁਖਬੀਰ ਬਾਦਲ ਨੂੰ ਪੁਲਿਸ ਨੇ ਕਰਵਾਏ ਸੰਮਨ ਤਾਮੀਲ
13 Views