ਕੀਤਾ ਦਾਅਵਾ ਬਠਿੰਡਾ ਸ਼ਹਿਰੀ ਹਲਕੇ ’ਚ ਪਾਰਟੀ ਦੀ ਮਜਬੂਤੀ ਲਈ ਬੁਲਾਏ ਸਨ ਆਗੂ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ :-ਬਠਿੰਡਾ ਨਗਰ ਨਿਗਮ ਅੰਦਰ ਕਾਂਗਰਸ ਪਾਰਟੀ ’ਚ ਨਵਾਂ ਮੇਅਰ ਬਣਾਉਣ ਨੂੰ ਲੈ ਕੇ ਚੱਲ ਰਹੀ ਸਿਆਸੀ ਕਸ਼ਮਕਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਠਿੰਡਾ ਸ਼ਹਿਰ ਨਾਲ ਸਬੰਧਤ ਅਕਾਲੀ ਕੋਂਸਲਰਾਂ ਦੀ ਪਿੰਡ ਬਾਦਲ ਵਿਖੇ ਮੀਟਿੰਗ ਸੱਦੀ ਗਈ। ਇਸਤੋਂ ਇਲਾਵਾ ਕਾਂਗਰਸ ਦੇ ਅਕਾਲੀ ਪਿਛੋਕੜ ਵਾਲੇ ਕੁੱਝ ਕੋਂਸਲਰਾਂ ਨੂੰ ਅਕਾਲੀ ਆਗੂਆਂ ਵਲੋਂ ਫ਼ੋਨ ਆਉਣ ਦੀ ਵੀ ਚਰਚਾ ਹੈ। ਹਾਲਾਂਕਿ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਮੀਟਿੰਗ ਨਿਗਮ ਦੇ ਕਿਸੇ ਮੁੱਦੇ ਨਾਲ ਸਬੰਧਤ ਨਹੀਂ ਸੀ, ਬਲਕਿ ਇਸ ਵਿਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਨੂੰ ਮਜਬੂਤ ਕਰਨ ਲਈ ਚਰਚਾਵਾਂ ਕੀਤੀਆਂ ਗਈਆਂ। ਪ੍ਰੰਤੂ ਅਕਾਲੀਆਂ ਦੇ ਇਸ ਤਰਕ ਦੇ ਬਾਵਜੂਦ ਮੀਟਿੰਗ ਦੀ ‘ਟਾਈਮਿੰਗ’ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਵਿਚ ਰੁਚੀ ਰੱਖਣ ਵਾਲੇ ਲੋਕ ਇਸ ਮੀਟਿੰਗ ਦੇ ਆਪੋ-ਆਪਣੀ ਸਮਝ ਮੁਤਾਬਕ ਨਤੀਜ਼ੇ ਕੱਢ ਰਹੇ ਹਨ। ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤੇ ਹੁਣ ਉਨ੍ਹਾਂ ਵਲੋਂ ਬਠਿੰਡਾ ਨਿਗਮ ਦੇ ਕਾਂਗਰਸੀ ਮੇਅਰ ਅਤੇ ਹੋਰਨਾਂ ਕੋਂਸਲਰਾਂ ਨੂੰ ਅਪਣੇ ਪਾਲੇ ਵਿਚ ਲਿਆਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਜਦੋਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਸ: ਬਾਦਲ ਦੇ ਨਜਦੀਕੀ ਮੰਨੀ ਜਾਂਦੇ ਮਹਿਲਾ ਮੇਅਰ ਰਮਨ ਗੋਇਲ ਨੂੰ ਕੁਰਸੀ ਤੋਂ ਉਤਾਰਨ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਇਸਦੇ ਚੱਲਦੇ 50 ਮੈਂਬਰੀ ਨਿਗਮ ਦੇ ਜਨਰਲ ਹਾਊਸ ਵਿਚ ਇਕੱਲੇ-ਇਕੱਲੇ ਮੈਂਬਰ ਦੀ ਅਹਿਮ ਭੂਮਿਕਾ ਬਣੀ ਹੋਈ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਹੇ ਸਰੂਪ ਸਿੰਗਲਾ ਨੇ ਹਾਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਦੋਸ਼ ਲਗਾਉਂਦਿਆਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਕਿ ਬਾਦਲ ਪ੍ਰਵਾਰ ਨੇ ਪਾਰਟੀ ਦੀ ਬਜਾਏ ਪ੍ਰਵਾਰਵਾਦ ਨੂੰ ਤਰਜੀਹ ਦਿੰਦਿਆਂ ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਤੌਰ ’ਤੇ ਇਮਦਾਦ ਕੀਤੀ ਹੈ। ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਲੋਕ ਸਭਾ ਚੋਣਾਂ ਲੜਣ ਵਾਲੇ ਰਾਜਾ ਵੜਿੰਗ ਨੇ ਵੀ ਅਜਿਹੇ ਦੋਸ਼ ਲਗਾਏ ਸਨ। ਜਿਸਦੇ ਚੱਲਦੇ ਆਮ ਲੋਕਾਂ ਵਿਚ ਸਿਆਸੀ ਤੌਰ ’ਤੇ ਵਿਛੜੇ ਹੋਏ ਦੋਨਾਂ ਬਾਦਲ ਪ੍ਰਵਾਰਾਂ ਵਿਚਕਾਰ ਇੱਕ ਸਮਝ ਪੈਦਾ ਹੋਣ ਦੀ ਚਰਚਾ ਚੱਲਦੀ ਆ ਰਹੀ ਹੈ, ਹਾਲਾਂਕਿ ਦੋਨੋਂ ਪ੍ਰਵਾਰ ਇਸ ਚਰਚਾ ਨੂੰ ਨਿਰਮੂਲ ਸਿਆਸੀ ਸਗੂਫ਼ੇ ਕਰਾਰ ਦਿੰਦੇ ਆ ਰਹੇ ਹਨ। ਉਧਰ ਇੰਨ੍ਹਾਂ ਸਿਆਸੀ ਚਰਚਾਵਾਂ ਨੂੰ ਰੱਦ ਕਰਦਿਆਂ ਅੱਜ ਦੀ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦਸਿਆ ਕਿ ਇਸ ਮੀਟਿੰਗ ਵਿਚ ਇਕੱਲੇ ਕੋਂਸਲਰ ਹੀ ਨਹੀਂ ਸਨ, ਬਲਕਿ ਸ਼ਹਿਰ ਦੇ ਸਮੂਹ ਅਕਾਲੀ ਅਹੁੱਦੇਦਾਰ ਵੀ ਮੌਜੂਦ ਸਨ ਤੇ ਇਸ ਦੌਰਾਨ ਨਿਗਮ ਦੇ ਮਾਮਲੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਤੇ ਸਿਰਫ਼ ਪਾਰਟੀ ਨੂੰ ਹਲਕੇ ਵਿਚ ਮਜਬੂਤ ਕਰਨ ਸਬੰਧੀ ਪ੍ਰਧਾਨ ਨੇ ਨੁਕਤੇ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਦੌਰਾਨ ਸੀਨੀਅਰ ਆਗੂਆਂ ਅਤੇ ਕੌਂਸਲਰਾਂ ਨੂੰ ਆਉਣ ਵਾਲੀ ਲੋਕ ਸਭਾ ਚੋਣ ਲਈ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਬੂਥ ਪੱਧਰੀ ਕਮੇਟੀਆਂ ਬਣਾ ਕੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਮੀਟਿੰਗ ਵਿਚ ਨਗਰ ਨਿਗਮ ਬਠਿੰਡਾ ਦੇ ਪਹਿਲੇ ਮੇਅਰ ਰਹੇ ਬਲਜੀਤ ਸਿੰਘ ਬੀੜ ਬਹਿਮਣ, ਸੀਨੀਅਰ ਆਗੂ ਮੋਹਿਤ ਗੁਪਤਾ, ਦਲਜੀਤ ਸਿੰਘ ਬਰਾੜ, ਚਮਕੌਰ ਸਿੰਘ ਮਾਨ, ਨਿਰਮਲ ਸਿੰਘ ਸੰਧੂ, ਹਰਪਾਲ ਸਿੰਘ ਢਿੱਲੋਂ ਐਮ ਸੀ, ਮੱਖਣ ਸਿੰਘ ਠੇਕੇਦਾਰ ਐਮ ਸੀ,ਰਣਦੀਪ ਸਿੰਘ ਰਾਣਾ ਐਮ ਸੀ, ਹਰਜਿੰਦਰ ਸਿੰਘ ਛਿੰਦਾ ਐਮ ਸੀ ਅਤੇ ਕੌਂਸਲਰ ਸ਼ੈਰੀ ਗੋਇਲ, ਪ੍ਰੈਸ ਸਕੱਤਰ ਡਾਕਟਰ ਓਮ ਪ੍ਰਕਾਸ਼ ਸ਼ਰਮਾ ਆਦਿ ਮੌਜੂਦ ਸਨ।
ਬਾਕਸ
ਕਾਂਗਰਸ ਦੇ ਦਲਿਤ ਭਾਈਚਾਰੇ ਦੇ ਕੋਂਸਲਰਾਂ ਨੇ ਵੀ ਮੰਗਿਆ ਆਪਣਾ ਹੱਕ
ਬਠਿੰਡਾ: ਉਧਰ ਨਿਗਮ ਵਿਚ ਸਿਆਸੀ ਕਸ਼ਮਕਸ਼ ਦੌਰਾਨ ਕਾਂਗਰਸ ਪਾਰਟੀ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਕੋਂਸਲਰਾਂ ਨੇ ਅਪਣਾ ਹੱਕ ਮੰਗਿਆ ਹੈ। ਪਾਰਟੀ ਦੇ ਬਲਾਕ ਪ੍ਰਧਾਨ ਅਤੇ ਕੋਂਸਲਰ ਹਰਵਿੰਦਰ ਸਿੰਘ ਲੱਡੂ ਨੇ ਕਿਹਾ ਕਿ ਨਿਗਮ ਦੇ ਤਿੰਨ ਅਹੁੱਦੇ ਹਨ ਤੇ ਉਨ੍ਹਾਂ ਦੇ ਭਾਈਚਾਰੇ ਨੂੰ ਵੀ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਦੋ ਸਾਲ ਪਹਿਲਾਂ ਨਿਗਮ ਦੇ ਅਹੁੱਦੇਦਾਰਾਂ ਦੀ ਚੋਣ ਸਮੇਂ ਉਨ੍ਹਾਂ ਨੂੰ ਬਿਲਕੁੱਲ ਅਣਗੋਲਿਆ ਕਰ ਦਿੱਤਾ ਸੀ।
Share the post "ਬਠਿੰਡਾ ਨਗਰ ਨਿਗਮ ’ਚ ਉਥਲ ਪੁਥਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਕੋਂਸਲਰਾਂ ਦੀ ਮੀਟਿੰਗ ਸੱਦੀ"