ਜਾਨੀ ਨੁਕਸਾਨ ਤੋਂ ਰਿਹਾਅ ਬਚਾਅ, ਡਰਾਈਵਰ ਸਣੇ 5 ਸਵਾਰੀਆਂ ਜ਼ਖਮੀ
ਸੁਖਜਿੰਦਰ ਮਾਨ
ਬਠਿੰਡਾ, 28 ਅਪ੍ਰੈਲ: ਅੱਜ ਸਵੇਰੇ ਸਥਾਨਕ ਸਰਹੰਦ ਕੈਨਾਲ ਨਹਿਰ ਵਿਚ ਸਰਕਾਰੀ ਮਿੰਨੀ ਬੱਸ ਡਿੱਗ ਪਈ, ਜਿਸ ਵਿਚ ਇੱਕ ਦਰਜ਼ਨ ਦੇ ਕਰੀਬ ਸਵਾਰੀਆਂ ਦੀ ਸਫ਼ਰ ਕਰ ਰਹੀਆਂ ਸਨ। ਬਠਿੰਡਾ ਤੋਂ ਵਾਇਆ ਨਥਾਣਾ, ਗੋਬਿੰਦਪੁਰਾ ਤੋਂ ਰਾਮਪੁਰਾ ਫੂਲ ਵੱਲ ਜਾ ਰਹੀ ਇਸ ਬੱਸ ਨਾਲ ਵਾਪਰੇ ਇਸ ਹਾਦਸੇ ਵਿਚ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਡਰਾਈਵਰ ਸਹਿਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ, ਜਿੰਨਾ ਨੂੰ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਪਿੰਡ ਦੇ ਲੋਕਾਂ ਦੀ ਮੱਦਦ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਿਆ। ਮੌਕੇ ’ਤੇ ਪੁੱਜੀ ਸਥਾਨਕ ਪੁਲਿਸ ਅਤੇ ਪੀਆਰਟੀਸੀ ਦੇ ਅਧਿਕਾਰੀਆਂ ਨੇ ਬੱਸ ਨੂੰ ਕਰੇਨ ਦੀ ਮੱਦਦ ਨਾਲ ਨਹਿਰ ਵਿਚੋਂ ਬਾਹਰ ਕਢਵਾਇਆ। ਮੁਢਲੀ ਪੜਤਾਲ ਮੁਤਾਬਕ ਇਹ ਹਾਦਸਾ ਬੱਸ ਦਾ ਸਟੇਅਰਿੰਗ ਖੁੱਲਣ ਕਾਰਨ ਹੋਇਆ ਅਤੇ ਬੱਸ ਡਰਾਈਵਰ ਤੋਂ ਬੇਕਾਬੂ ਹੁੰਦੀ ਹੋਈ ਨਹਿਰ ਵਿਚ ਉੱਤਰ ਗਈ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਜ਼ਖਮੀਆਂ ਵਿਚ ਬੱਸ ਦਾ ਡਰਾਈਵਰ ਬਲਵੀਰ ਸਿੰਘ ਵਾਸੀ ਬੀਬੀ ਵਾਲਾ,ਬੱਸ ਕੰਡਕਟਰ ਅਮਨਦੀਪ ਸਿੰਘ ਵਾਸੀ ਭੁੱਚੋ ਮੰਡੀ ਤੋਂ ਇਲਾਵਾ ਸਵਾਰੀਆਂ ਰਾਜਵੀਰ ਕੌਰ ਭਾਗੂ ਰੋਡ ਬਠਿੰਡਾ,ਮੇਲੋ ਰਾਣੀ ਵਾਸੀ ਗੋਬਿੰਦਪੁਰਾ ਅਤੇ ਤਿੰਨ ਸਾਲਾ ਬੱਚਾ ਅਸੀਸ ਕੁਮਾਰ ਆਦਿ ਸ਼ਾਮਲ ਹਨ।
ਬਠਿੰਡਾ ਨਹਿਰ ’ਚ ਸਵਾਰੀ ਸਮੇਤ ਮਿੰਨੀ ਬੱਸ ਨਹਿਰ ਵਿਚ ਡਿੱਗੀ
14 Views