ਦੋ ਨੌਜਵਾਨਾਂ ਦੀ ਹੋਈ ਮੌਤ,ਤਿੰਨ ਜ਼ਖ਼ਮੀ
ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਪੰਜ ਵਜੇਂ ਬਠਿੰਡਾ-ਮਲੋਟ ਰੋਡ ਦੇ ਪਿੰਡ ਬੱਲੂਆਣਾ ਕੋਲ ਕਾਰ ਅਤੇ ਬੱਸ ਵਿਚਕਾਰ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਅਤੇ ਤਿੰਨ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮੁਤਾਬਕ ਕਾਰ ਕਾਫ਼ੀ ਤੇਜ ਗਤੀ ਵਿਚ ਹੋਣ ਕਾਰਨ ਡਰਾਈਵਰ ਦਾ ਸੰਤੁਲਣ ਵਿਗੜ ਗਿਆ ਅਤੇ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਦੂਜੇ ਪਾਸੇ ਆ ਰਹੀ ਬੱਸ ਵਿਚ ਜਾ ਵੱਜੀ। ਇਸ ਘਟਨਾ ਵਿਚ ਕਾਰ ਬੁਰੀ ਤਰ੍ਹਾਂ ਟੁੱਟ ਗਈ ਅਤੇ ਕਾਰ ਦੇ ਡਰਾਈਵਰ ਸਹਿਤ ਇੱਕ ਹੋਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਅਮਿੱਤ ਕੁਮਾਰ (25) ਪੁੱਤਰ ਕ੍ਰਿਸ਼ਨ ਲਾਲ ਅਤੇ ਡਰਾਈਵਰ ਕਮਲਦੀਪ ਸਿੰਘ(32) ਵਾਸੀ ਅਬੋਹਰ ਦੇ ਤੌਰ ’ਤੇ ਹੋਈ ਹੈ। ਜਦੋਂਕਿ ਜਖ਼ਮੀਆਂ ਵਿੱਚ ਲਵਲੀ (28) ਪੁੱਤਰ ਹੁਕਮ ਚੰਦ , ਦੀਪਕ ਕੁਮਾਰ ( 27) ਪੁੱਤਰ ਲੇਖ ਰਾਜ, ਤੁਰਣ ਕੁਮਾਰ ( 30) ਪੁੱਤਰ ਅਸ਼ਵਨੀ ਕੁਮਾਰ ਨਿਵਾਸੀ ਅਬੋਹਰ ਦੇ ਤੌਰ ’ਤੇ ਹੋਈ ਹੈ। ਜਿੰਨਾ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਤਾ ਲੱਗਿਆ ਹੈ ਕਿ ਘਟਨਾਗ੍ਰਸਤ ਵੈਗਨਰ ਕਾਰ ਮਲੋਟ ਸਾਈਡ ਤੋਂ ਬਠਿੰਡਾ ਵੱਲ ਆ ਰਹੀ ਸੀ ਤੇ ਜਦੋਂਕਿ ਬੱਸ ਬਠਿੰਡਾ ਤੋਂ ਦੂਜੀ ਸਾਈਡ ਜਾ ਰਹੀ ਸੀ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਦੀ ਟੀਮ ਅਤੇ 108 ਐਂਬੂਲੈਂਸ ਮੌਕੇ ’ਤੇ ਪੁੱਜ ਗਈ।
Share the post "ਬਠਿੰਡਾ-ਮਲੋਟ ਰੋਡ ’ਤੇ ਤੇਜ਼ ਰਫ਼ਤਾਰ ਕਾਰ ਡਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੱਸ ਨਾਲ ਟਕਰਾਈ"