ਸੁਖਜਿੰਦਰ ਮਾਨ
ਬਠਿੰਡਾ, 8 ਮਾਰਚ: ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਤੀਨਿਧਤਾ ਵਾਲੇ ਹਲਕਾ ਬਠਿੰਡਾ ਸ਼ਹਿਰੀ ’ਚ ਮੁਲਾਜਮ ਵੋਟਰਾਂ ਦੀ ਹਾਲੇ ਤੱਕ ਇੱਕ ਤਿਹਾਈ ਵੋਟ ਪੋਲ ਨਾ ਹੋਣ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹਨ। ਵਿਰੋਧੀ ਧਿਰਾਂ ਪਹਿਲਾਂ ਹੀ ਪੋਸਟਲ ਬੈਲਟ ਜਾਰੀ ਕਰਨ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਉਗਲ ਚੁੱਕ ਚੁੱਕੇ ਹਨ। ਹੁਣ ਜਦੋਂ ਵੋਟਾਂ ਦੀ ਗਿਣਤੀ ਵਿਚ ਇੱਕ ਦਿਨ ਬਾਕੀ ਰਹਿ ਗਿਆ ਹੈ ਤਾਂ ਮੁਲਾਜਮ ਮੰਗਾਂ ਦੀ ਪੂਰਤੀ ਨੂੰ ਲੈ ਕੇ ਚੱਲੇ ਸੰਘਰਸ਼ਾਂ ਦਾ ਕੇਂਦਰ ਬਿੰਦੂ ਰਹੇ ਬਠਿੰਡਾ ’ਚ ਮੁਲਾਜਮਾਂ ਵਲੋਂ ਪੋਸਟਲ ਬੈਲਟ ਰਾਹੀਂ ਵੋਟ ਵਾਪਸ ਨਾ ਭੇਜਣ ਕਾਰਨ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਗੌਰਤਲਬ ਹੈ ਕਿ ਮਾਲਵਾ ਪੱਟੀ ’ਚ ਸਭ ਤੋਂ ਵੱਧ ਮੁਲਾਜਮ ਬਠਿੰਡਾ ਸ਼ਹਿਰੀ ਹਲਕੇ ਵਿਚ ਵਸਦੇ ਹਨ। ਅੰਕੜਿਆਂ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਦੇ ਚੋਣ ਅਧਿਕਾਰੀ ਦੁਆਰਾ ਚੋਣ ਡਿਊਟੀ ’ਚ ਲੱਗੇ ਇਸ ਹਲਕੇ ਨਾਲ ਸਬੰਧਤ 3409 ਮੁਲਾਜਮਾਂ ਨੂੰ ਪੋਸਟਲ ਬੈਲਟ ਪੇਪਰ ਜਾਰੀ ਕੀਤੇ ਗਏ ਸਨ। ਹਾਲਾਂਕਿ ਕਾਫ਼ੀ ਵੱਡੀ ਤਾਦਾਦ ਵਿਚ ਗਲਤ ਪਤੇ ਤੇ ਹੋਰ ਕਾਰਨਾਂ ਕਰਕੇ ਪੋਸਟਲ ਬੈਲਟ ਪੇਪਰ ਵਾਪਸ ਵੀ ਮੁੜ ਆਏ ਸਨ ਪ੍ਰੰਤੂ ਅਧਿਕਾਰੀਆਂ ਦੇ ਦਾਅਵੇ ਮੁਤਾਬਕ ਮੁੜ ਇੰਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਸੂਚਨਾ ਅਨੁਸਾਰ ਅੱਜ ਬਾਅਦ ਦੁਪਿਹਰ ਤੱਕ ਇੰਨ੍ਹਾਂ 3409 ਪੋਸਟਲ ਬੈਲਟਾਂ ਵਿਚੋਂ 2301 ਮੁਲਾਜਮਾਂ ਨੇ ਅਪਣੀ ਵੋਟ ਵਾਪਸ ਐਸ.ਡੀ.ਐਮ ਦਫ਼ਤਰ ਕਮ ਚੋਣ ਅਧਿਕਾਰੀ ਕੋਲ ਭੇਜ ਦਿੱਤੀ ਹੈ। ਪ੍ਰੰਤੂ ਹਾਲੇ ਵੀ 1108 ਮੁਲਾਜਮਾਂ ਦੇ ਪੋਸਟਲ ਬੈਲਟ ਵਾਪਸ ਨਹੀਂ ਮੁੜੇ ਹਨ। ਇਸ ਮਾਮਲੇ ’ਚ ਜਿੱਥੇ ਵੱਖ ਵੱਖ ਸਿਆਧੀ ਧਿਰਾਂ ਤੇ ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰਾਂ ਮੁਲਾਜਮਾਂ ਨੂੰ ਸੋਸਲ ਮੀਡੀਆ ਅਤੇ ਘਰ ਘਰ ਜਾ ਕੇ ਅਪਣੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ, ਉਥੇ ਮੁਲਾਜਮ ਧਿਰਾਂ ਵੀ ਅਪਣੇ ਸਾਥੀਆਂ ਦੀਆਂ ਵੋਟਾਂ ਭੁਗਤਾਉਣ ਲਈ ਮੈਦਾਨ ’ਚ ਡਟੀਆਂ ਹੋਈਆਂ ਹਨ। ਇਸਦੀ ਪੁਸ਼ਟੀ ਕਰਦਿਆਂ ਥਰਮਲ ਮੁਲਾਜਮ ਯੂਨੀਅਨ ਦੇ ਆਗੂ ਗੁਰਸੇਵਕ ਸਿੰਘ ਸੰਧੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਨ੍ਹਾਂ ਸਮੂਹ ਮੁਲਾਜਮਾਂ ਨੂੰ ਅਪਣੀ ਵੋਟ ਦੀ ਮਹੱਤਤਾ ਪਹਿਚਾਣਦਿਆਂ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਭਵਿੱਖ ਦਾ ਸਵਾਲ ਹੈ।
Share the post "ਬਠਿੰਡਾ ਸ਼ਹਿਰੀ ਹਲਕੇ ’ਚ 1232 ਮੁਲਾਜਮਾਂ ਨੇ ਹਾਲੇ ਵੀ ਨਹੀਂ ਪਾਈ ਪੋਸਟਲ ਬੈਲਟ ਰਾਹੀਂ ਵੋਟ"