ਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ : ਵਿਧਾਇਕ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਲ 2023-24 ਲਈ ਸਦਨ ਵਾਸਤੇ ਬਣਾਈਆਂ ਵੱਖ-ਵੱਖ ਕਮੇਟੀਆਂ ਦੇ ਲਗਾਏ ਗਏ ਚੇਅਰਮੈਨਾਂ ਵਿੱਚੋਂ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸਰਕਾਰੀ ਆਸ਼ਵਾਸਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਉਕਤ ਕਮੇਟੀ ਸਦਨ ਦੀ ਮਹੱਤਵਪੂਰਨ ਕਮੇਟੀਆਂ ਵਿਚੋਂ ਇੱਕ ਮੰਨੀ ਜਾਂਦੀ ਹੈ, ਜਿਸਦੇ ਵਿਚ ਸਦਨ ’ਚ ਸਰਕਾਰ ਵਲੋਂ ਦਿੱਤੇ ਜਾਂਦੇ ਭਰੋਸਿਆਂ ਨੂੰ ਅਮਲ ਵਿਚ ਲਿਆਉਣਾ ਹੁੰਦਾ ਹੈ। ਉਧਰ ਨਵੀਂ ਜਿੰਮੇਵਾਰੀ ਮਿਲਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਨਿਭਾਉਣਗੇ। ਸ. ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਇਸ ਕਮੇਟੀ ਵਿਚ ਰਮਨ ਅਰੋੜਾ, ਡਾ. ਕਸ਼ਮੀਰ ਸਿੰਘ ਸੋਹਲ, ਲਖਬੀਰ ਸਿੰਘ ਰਾਏ, ਰਣਬੀਰ ਸਿੰਘ, ਫੌਜਾ ਸਿੰਘ, ਸੀਤਲ ਅੰਗੁਰਾਲ,ਬਰਿੰਦਰ ਕੁਮਾਰ ਗੋਇਲ ਵਕੀਲ, ਅਸ਼ੋਕ ਪਰਾਸ਼ਰ, ਸ੍ਰੀਮਤੀ ਨਰਿੰਦਰ ਕੌਰ ਭਰਾਜ, ਬਲਵਿੰਦਰ ਸਿੰਘ ਧਾਲੀਵਾਲ, ਪਰਗਟ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਕਿ ਸ. ਗਿੱਲ ਇਸ ਤੋਂ ਪਹਿਲਾਂ ਸਾਲ 2022-23 ਦੌਰਾਨ ਸਥਾਨਕ ਸਰਕਾਰਾਂ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਹਲਕਾ ਬਠਿੰਡਾ ਸ਼ਹਿਰੀ ਦੇ ਪਾਰਟੀ ਆਗੂਆਂ, ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ. ਗਿੱਲ ਨੂੰ ਇਸ ਮਿਲੀ ਨਵੀਂ ਜਿੰਮੇਵਾਰੀ ਦੀਆਂ ਵਧਾਈਆਂ ਵੀ ਦਿੱਤੀਆਂ।
Share the post "ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਗਿੱਲ ਬਣੇ ਸਰਕਾਰੀ ਆਸ਼ਵਾਸਨ ਕਮੇਟੀ ਦੀ ਚੇਅਰਮੈਨ"