ਸੁਖਜਿੰਦਰ ਮਾਨ
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਇਸ ਜ਼ਿਲ੍ਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦੇਣ ਅਤੇ ਪ੍ਰਭਾਵਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਿੰਡ ਬਰਕੰਦੀ ਤੇ ਜ਼ਿਲ੍ਹੇ ਵਿਚ ਹੋਰ ਥਾਵਾਂ ’ਤੇ ਕਿਸਾਨਾਂ ਨਾਲ ਗੱਲਬਾਤ ਕੀਤੀ, ਨੇ ਕਰਮਗੜ੍ਹ ਮਾਈਨਰ ਨਹਿਰ ਵਿਚ ਪਾੜ ਪੈਣ ’ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਨਾਲ ਆਲੇ ਦੁਆਲੇ ਦੇ ਪਿੰਡਾਂ ਵਿਚ ਝੋਨੇ ਦੀ ਫਸਲ ਨੁਕਸਾਨੀ ਗਈ ਹੈ। ਉਹਨਾਂ ਕਿਹਾ ਕਿ ਲੰਬੀ, ਮਲੋਟ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਤੇ ਹੋਰ ਥਾਵਾਂ ’ਤੇ ਵੀ ਸਿੰਜਾਈ ਨਹਿਰਾਂ ਵਿਚ ਪਏ ਪਾੜਾਂ ਕਾਰਨ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੁੰ ਚੁਸਤ ਦਰੁੱਸਤ ਕਰਨ ਤਾਂ ਜੋ ਭਾਰੀ ਬਰਸਾਤਾਂ ਨਾਲ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੁਝ ਥਾਵਾਂ ’ਤੇ ਬਰਸਾਤਾਂ ਕਾਰਨ ਫਸਲ 70 ਫੀਸਦੀ ਨੁਕਸਾਨੀ ਗਈ ਹੈ ਤੇ ਕਿਸਾਨਾਂ ਨੁੰ ਤੁਰੰਤ ਆਰਜ਼ੀ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ ਤੇ ਗਿਰਦਾਵਰੀ ਬਾਅਦ ਵਿਚ ਮੁਕੰਮਲ ਹੋ ਸਕਦੀ ਹੈ।
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਸੱਕਾਂਵਾਲੀ ਵਿਚ ਚਰਨਜੀਤ ਸਿੰਘ ਖੇਤਾਂ ਦਾ ਵੀ ਦੌਰਾ ਕੀਤਾ ਜਿਥੇ ਉਹਨਾਂ 16 ਏਕੜ ਵਿਚ ਮੂੰਗੀ ਦੀ ਫਸਲ ਮੁੱਖ ਮੰਤਰੀ ਅਪੀਲ ਮਗਰੋਂ ਬੀਜੀ ਸੀ। ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਘਟੀਆ ਬੀਜ਼ ਮਿਲਣ ਕਾਰਨ ਵੀ ਨੁਕਸਾਨ ਹੋਇਆ ਤੇ ਉਹਨਾਂ ਨੁੰ ਆਪਣੀ ਖੜ੍ਹੀ ਫਸਲ ਵਾਹੁਣੀ ਪਈ ਹੈ। ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਜਿਹੜੇ ਕਿਸਾਨਾਂ ਨੂੰ ਮੂੰਗੀ ਦੇ ਘਟੀਆ ਬੀਜ਼ਾਂ ਕਾਰਨ ਨੁਕਸਾਨ ਹੋਇਆ ਹੈ, ਉਹਨਾਂ ਨੂੰ ਤੁਰੰਤ ੁਮਆਵਜ਼ਾ ਮਿਲਣਾ ਚਾਹੀਦਾ ਹੈ ਤੇ ਉਹਨਾਂ ਇਹ ਵੀ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਨੇ ਆਪਣੀ ਮੂੰਗੀ ਦੀ ਫਸਲ ਐਮ ਐਸ ਪੀ ਨਾਲੋਂ ਘੱਟ ਰੇਟ ’ਤੇ ਵੇਚੀ ਹੈ, ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਸਰਦਾਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ। ਉਹਨਾਂ ਨੇ ਚਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਤੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਕੰਮਾਂ ਨੂੰ ਮੁਕੰਮਲ ਕਰਨ ਵਾਸਤੇ ਤੈਅ ਮਿਤੀਆਂ ਅਨੁਸਾਰ ਇਕ ਕਾਰਜ ਯੋਜਨਾ ਵੀ ਤਿਆਰ ਕਰਨ। ਦੱਸਣਯੋਗ ਹੈ ਕਿ ਸਰਦਾਰ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਐਮ ਪੀ ਹਨ ਜਦੋਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਐਮ ਪੀ ਹਨ ਤੇ ਇਹ ਇਲਾਕਾ ਦੋਵੇਂ ਸੰਸਦੀ ਹਲਕਿਆਂ ਦਾ ਸਾਂਝਾ ਇਲਾਕਾ ਹੈ।ਸਰਦਾਰ ਬਾਦਲ ਦੇ ਨਾਲ ਸਾਬਕਾ ਵਿਧਾਇਕ ਸਰਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਮੌਜੂਦ ਸਨ।
Share the post "ਬਰਸਾਤ ਨਾਲ ਝੋਨੇ ਦੀ ਫਸਲ ਨੁੰ ਹੋਏ ਨੁਕਸਾਨ ਦੇ ਜਾਇਜ਼ੇ ਲਈ ਮੁੱਖ ਮੰਤਰੀ ਗਿਰਦਾਵਰੀ ਦੇ ਹੁਕਮ ਦੇਣ : ਸੁਖਬੀਰ ਬਾਦਲ"