9 Views
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਅਪ੍ਰੈਲ: ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਉਪਰ ਜਿੱਥੇ ਦੇਸ਼-ਵਿਦੇਸ਼ ਵਿਚੋਂ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਸ਼ੋਕ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਨਾਲ ਸੰਬੰਧਤ ਇਕ ਉੱਘੀ ਟਰਾਂਸਪੋਰਟ ਕੰਪਨੀ ਵੱਲੋਂ ਮਹਰੂਮ ਆਗੂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਬਠਿੰਡਾ ਅਤੇ ਲੰਬੀ ਤੋਂ ਮੁਫਤ ਬੱਸ ਸੇਵਾ ਦੇਣ ਦਾ ਐਲਾਨ ਕੀਤਾ ਹੈ। ਪ੍ਰਬੰਧਕਾਂ ਮੁਤਾਬਕ ਕੰਪਨੀ ਦੀਆਂ ਬੱਸਾਂ ਬਠਿੰਡਾ ਤੋਂ ਬਾਦਲ ਅਤੇ ਲੰਬੀ ਤੋਂ ਬਾਦਲ ਪਿੰਡ ਲਈ ਵਿਸ਼ੇਸ਼ ਤੌਰ ‘ਤੇ ਚਲਾਈਆਂ ਜਾਣਗੀਆਂ ਜਿਨ੍ਹਾਂ ਰਾਹੀ ਸਰਦਾਰ ਬਾਦਲ ਦੇ ਅੰਤਮ ਸੰਸਕਾਰ ਲਈ ਜਾਣ ਵਾਲੇ ਲੋਕਾਂ ਨੂੰ ਲੈ ਕੇ ਜਾਇਆ ਜਾਵੇਗਾ ਪ੍ਰੰਤੂ ਉਨ੍ਹਾਂ ਤੋਂ ਇਸ ਸਫਰ ਬਦਲੇ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ਅਤੇ ਇਹ ਬੱਸਾਂ ਸਾਰਾਂ ਦਿਨ ਇਸ ਰੂਟ ਤੇ ਚੱਲਦੀਆਂ ਰਹਿਣਗੀਆਂ।ਇਸ ਤੋਂ ਇਲਾਵਾ ਆਹਲੂਵਾਲੀਆ ਬੱਸ ਕੰਪਨੀ ਦੀਆਂ ਬਠਿੰਡਾ ਤੋਂ ਅਬੋਹਰ, ਲੰਬੀ ਆਦਿ ਰੂਟਾਂ ਨੂੰ ਪਿੰਡ ਬਾਦਲ ਰਾਹੀਂ ਜਾਣ ਵਾਲੀਆਂ ਬੱਸਾਂ ਵਿਚ ਵੀ ਪਿੰਡ ਬਾਦਲ ਵਿਖੇ ਸਰਦਾਰ ਬਾਦਲ ਦੇ ਅੰਤਿਮ ਸੰਸਕਾਰ ਲਈ ਜਾਣ ਵਾਲੇ ਲੋਕਾਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਆਹਲੂਵਾਲੀਆ ਕੰਪਨੀ ਦੇ ਪ੍ਰਬੰਧਕਾਂ ਰਛਪਾਲ ਸਿੰਘ ਵਾਲੀਆ ਅਤੇ ਜਗਤਾਰ ਸਿੰਘ ਵਾਲੀਆ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਸਿਰਫ ਇਕ ਪਾਰਟੀ ਜਾਂ ਪਰਿਵਾਰ ਦੇ ਮੁਖੀ ਨਹੀਂ ਸਨ ਬਲਕਿ ਪੰਜਾਬ ਅਤੇ ਪੰਜਾਬੀਅਤ ਦੀ ਦਹਾਕਿਆਂ ਤੱਕ ਨੁਮਾਇੰਦਗੀ ਕਰਨ ਵਾਲੀ ਇਕ ਸੰਸਥਾ ਸਨ, ਜਿੰਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਰਦਾਰ ਬਾਦਲ ਦੀ ਸ਼ਖਸੀਅਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਹ ਉਕਤ ਛੋਟਾ ਜਿਹਾ ਉਪਰਾਲਾ ਕਰ ਕੇ ਨਿਮਾਣਾ ਜਿਹਾ ਯਤਨ ਕਰ ਰਹੇ ਹਨ। ਆਹਲੂਵਾਲੀਆ ਪਰਿਵਾਰ ਨੇ ਦੱਸਿਆ ਕਿ ਜਦ ਉਹ 1984 ਦੇ ਸਿੱਖ ਦੰਗਿਆਂ ਤੋਂ ਬਾਅਦ ਕਲਕੱਤੇ ਤੋਂ ਉਜੜ ਕੇ ਪੰਜਾਬ ਆਏ ਸਨ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਹੀ ਉਨਾਂ ਸਹਿਤ ਕਈ ਹੋਰਨਾਂ ਪਰਵਾਰਾਂ ਦੀ ਬਾਂਹ ਫੜੀ ਸੀ। ਉਨ੍ਹਾਂ ਦਸਿਆ ਕਿ ਕਲਕੱਤੇ ਵਿਚ ਦੰਗਾਈਆਂ ਨੇ ਉਨ੍ਹਾਂ ਦੀ ਟਰਾਂਸਪੋਰਟ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਇਸ ਦੌਰਾਨ ਔਖੇ ਸਮੇਂ ਪ੍ਰਕਾਸ਼ ਸਿੰਘ ਬਾਦਲ ਅਜਿਹੇ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਏ ਸਨ।
Share the post "ਬਾਦਲ ਦੇ ਅੰਤਮ ਸੰਸਕਾਰ ਲਈ ਬਠਿੰਡਾ ਤੇ ਲੰਬੀ ਤੋਂ ਆਹਲੂਵਾਲੀਆਂ ਕੰਪਨੀ ਦੀਆਂ ਬੱਸਾਂ ਚੱਲਣਗੀਆਂ ਮੁਫ਼ਤ"