ਦੋ ਏਕੜ ਕਿੰਨੂਆਂ ਦੇ ਬਾਗ ਵਾਲੀ ਜਗ੍ਹਾਂ ਨੂੰ ਸਾਫ਼ ਕਰਕੇ ਬਣਾਇਆ ਥੜਾ
ਸੁਖਜਿੰਦਰ ਮਾਨ
ਬਾਦਲ(ਬਠਿੰਡਾ), 26 ਅਪ੍ਰੈਲ : ਕਿਸਾਨਾਂ ਦੇ ਮਸੀਹਾਂ ਤੇ ਖੇਤਾਂ ਦੇ ਪੁੱਤ ਆਦਿ ਤਖੱਲਸ ਨਾਲ ਬੁਲਾਏ ਜਾਂਦੇ ਰਹੇ ਮਹਰੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਆਖ਼ਰੀ ਸਮੇਂ ਉਨ੍ਹਾਂ ਦੇ ਜੱਦੀ ਖੇਤਾਂ ’ਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਪੂਰੇ ਬਾਦਲ ਪ੍ਰਵਾਰ ਦੇ ਹਰ ਮੈਂਬਰ ਦਾ ਅੰਤਿਮ ਸੰਸਕਾਰ ਪਿੰਡ ਦੀ ਅਨਾਜ਼ ਮੰਡੀ ਨਜਦੀਕ ਬਣੇ ਸ਼ਮਸਾਨਘਾਟ ਵਿਚ ਕਰਦੇ ਰਹੇ ਬਾਦਲ ਪ੍ਰਵਾਰ ਨੇ ਹੁਣ ਸ: ਬਾਦਲ ਦਾ ਅੰਤਿਮ ਸੰਸਕਾਰ ਅਪਣੇ ਖੇਤਾਂ ’ਚ ਕਰਨ ਦਾ ਫੈਸਲਾ ਲਿਆ ਹੈ। ਇਸਦੇ ਲਈ ਬਾਦਲ-ਲੰਬੀ ਰੋਡ ਉਪਰ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦੇ ਥੋੜਾ ਅੱਗੇ ਪ੍ਰਵਾਰ ਦੇ ਸੜਕ ਉਪਰ ਸਥਿਤ ਖੇਤ ਨੂੰ ਚੁਣਿਆ ਗਿਆ ਹੈ। ਇਸਦੇ ਲਈ ਅੱਜ ਸਵੇਰ ਤੋਂ ਜੇ.ਸੀ.ਬੀ ਮਸੀਨਾਂ ਤੇ ਟਰੈਕਟਰਾਂ ਦੀ ਮੱਦਦ ਦੇ ਨਾਲ ਦੋ ਏਕੜ ਕਿੰਨੂਆਂ ਦੇ ਬਾਗ ਨੂੰ ਸਾਫ਼ ਕਰਕੇ ਇੱਥੇ ਇੱਟਾਂ ਦਾ ਇੱਕ 50 ਗੁਣਾ 30 ਫੁੱਟ ਦਾ ਕਰੀਬ ਪੰਜ ਫੁੱਟ ਉੱਚਾ ਥੜਾ ਬਣਾਇਆ ਜਾ ਰਿਹਾ ਸੀ। ਪ੍ਰਵਰਾਕ ਮੈਂਬਰਾਂ ਮੁਤਾਬਕ ਮਹਰੂਮ ਆਗੂ ਦਾ ਇੱਥੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰਵਾਰ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਇੱਥੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਪ੍ਰਵਾਰਕ ਮੈਂਬਰ ਬੌਬੀ ਬਾਦਲ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦਸਿਆ ਕਿ ‘‘ ਪ੍ਰਵਾਰ ਵਲੋਂ ਸ: ਬਾਦਲ ਦਾ ਅੰਤਿਮ ਸੰਸਕਾਰ ਅਪਣੇ ਖੇਤ ਵਿਚ ਕਰਨ ਦਾ ਫੈਸਲਾ ਲਿਆ ਸੀ, ਜਿਸਦੇ ਲਈ ਕਿੰਨੂ ਦੇ ਬਾਗ ਨੂੰ ਵੀ ਹਟਾਇਆ ਗਿਆ ਤੇ ਇੱਥੇ ਸੰਸਕਾਰ ਲਈ ਵੱਡਾ ਥੜਾ ਵੀ ਬਣਾਇਆ ਜਾ ਰਿਹਾ। ’’ ਜਿਕਰ ਕਰਨਾ ਬਣਦਾ ਹੈ ਕਿ 11 ਦਫ਼ਾ ਵਿਧਾਇਕ, ਪੰਜ ਵਾਰ ਮੁੱਖ ਮੰਤਰੀ ਤੇ ਇੱਕ ਦਫ਼ਾ ਕੇਂਦਰੀ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਖੇਤਾਂ ਤੇ ਖੇਤੀ ਨਾਲ ਕਾਫ਼ੀ ਮੋਹ ਰਿਹਾ ਹੈ, ਜਿਸਦੇ ਕਾਰਨ ਵੀ ਪ੍ਰਵਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ। ਉਧਰ ਭਲਕੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡ ਬਾਦਲ ਵਿਖੇ ਮੌਜੂਦ ਪ੍ਰਵਾਰ ਦੇ ਰਿਸ਼ਤੇਦਾਰਾਂ ਅਤੇ ਨਜਦੀਕੀਆਂ ਵਲੋਂ ਸਾਰਾ ਦਿਨ ਇੰਤਜਾਮ ਕੀਤੇ ਜਾਂਦੇ ਰਹੇ। ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਤੇ ਐਸ.ਐਸ.ਪੀ ਸਹਿਤ ਵੱਡੇ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਰਹੇ। ਅਧਿਕਾਰੀਆਂ ਮੁਤਾਬਕ ਸ: ਬਾਦਲ ਦੀ ਅੰਤਿਮ ਵਿਦਾਈ ਮੌਕੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਤੇ ਵੀਵੀਆਈਪੀ ਦੀ ਆਮਦ ਵੀ ਦੇਸ਼ ਭਰ ਤੋਂ ਹੋਣੀ ਹੈ, ਜਿਸਦੇ ਚੱਲਦੇ ਸੁਰੱਖਿਆ ਤੇ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਰੂਪ ਵਿਚ ਚੱਲਦਾ ਰੱਖਣ ਲਈ ਅੱਜ ਤਿਆਰੀਆਂ ਕੀਤੀਆਂ ਗਈਆਂ ਹਨ।
ਬਾਕਸ
ਭਗਵੰਤ ਮਾਨ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਜਣ ਦੀ ਸੰਭਾਵਨਾ
ਕੇਂਦਰ ਵਿਚੋਂ ਵੀ ਕਈ ਮੰਤਰੀ ਅੰਤਿਮ ਸੰਸਕਾਰ ਮੌਕੇ ਰਹਿਣਗੇ ਹਾਜ਼ਰ
ਬਾਦਲ: ਦੇਰ ਸ਼ਾਮ ਮਿਲੀ ਸੂਚਨਾ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਕਈ ਸੂਬਿਆਂ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਰਾਜਪਾਲ ਅਤੇ ਕੇਂਦਰ ਵਿਚੋਂ ਕਈ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਮੌਕੇ ਆਉਣਗੇ। ਇਸਦੇ ਲਈ ਪ੍ਰਸ਼ਾਸਨ ਵਲੋਂ ਬਕਾਇਦਾ ਤਿਆਰੀਆਂ ਕੀਤੀਆਂ ਜਾ ਰਹੀ ਹਨ। ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰਨਾਂ ਵੀਵੀਆਈਪੀ ਦੇ ਹੈਲੀਕਾਪਟਰਾਂ ਲਈ ਪਿੰਡ ਬਾਦਲ ਦੇ ਵੱਖ ਵੱਖ ਸਕੂਲਾਂ ਵਿਚ ਹੈਲੀਪੇਡ ਬਣਾਏ ਗਏ ਹਨ।
Share the post "ਬਾਦਲ ਪ੍ਰਵਾਰ ਦੇ ਜੱਦੀ ਖੇਤ ’ਚ ਕੀਤਾ ਜਾਵੇਗਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ"