ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਬੀ.ਐਫ.ਜੀ.ਆਈ. ਦੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਗਾਇਕੀ ਮੁਕਾਬਲਾ ’ਸੁਰ-ਸੰਗਮ-2023’ ਕਰਵਾਇਆ ਗਿਆ । ਇਸ ਗਤੀਵਿਧੀ ਦਾ ਮੰਤਵ ਵਿਦਿਆਰਥੀਆਂ ਵਿਚਕਾਰ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸੀ । ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੇ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ , ਉਤਸ਼ਾਹ, ਮੌਜ ਮਸਤੀ, ਮਨੋਰੰਜਨ ਅਤੇ ਕਲਾਤਮਕ ਹੁਨਰ ਨੂੰ ਵਧਾਉਣ ਅਤੇ ਉਨ੍ਹਾਂ ਦੇ ਗਾਉਣ ਦੇ ਹੁਨਰ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਨ ਲਈ ਇਸ ਗਾਇਣ ਮੁਕਾਬਲੇ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਬੀ.ਐਫ.ਜੀ.ਆਈ. ਦੇ ਕੁੱਲ 37 ਵਿਦਿਆਰਥੀਆਂ ਨੇ ਭਾਗ ਲਿਆ। ਇਸ ਗਾਇਕੀ ਮੁਕਾਬਲੇ ਦੀ ਜੱਜਮੈਂਟ ਕਾਲਜ ਦੇ ਅਲੂਮਨੀ ਪੁਸ਼ਪਿੰਦਰ ਸਿੰਘ (ਗਾਇਕ) ਅਤੇ ਅਲੂਮਨੀ ਅਵਨੀਤ ਕੌਰ ਸਿੱਧੂ (ਗਾਇਕ ਅਤੇ ਅਭਿਨੇਤਰੀ) ਨੇ ਕੀਤੀ । ਇਸ ਮੁਕਾਬਲੇ ਦੇ ਪਹਿਲੇ ਗੇੜ ਵਿੱਚ 7 ਵਿਦਿਆਰਥੀ ਸ਼ਾਰਟ ਲਿਸਟ ਕੀਤੇ ਗਏ ਜਿਨ੍ਹਾਂ ਨੇ ਦੂਸਰੇ ਗੇੜ ਵਿੱਚ ਆਪਣੀ ਗਾਇਕੀ ਦੇ ਸ਼ਾਨਦਾਰ ਜੌਹਰ ਦਿਖਾਏ। ਇਸ ਮੁਕਾਬਲੇ ਦੇ ਨਤੀਜੇ ਅਨੁਸਾਰ ਬੀ.ਸੀ.ਏ. ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ, ਬੀ.ਟੈੱਕ ਦੀ ਵਿਦਿਆਰਥਣ ਸ਼ਿੰਦਰਪਾਲ ਕੌਰ ਅਤੇ ਬੀ.ਏ. ਦੇ ਵਿਦਿਆਰਥੀ ਕੁਲਬੀਰ ਸਿੰਘ ਨੇ ਇਸ ਗਾਇਣ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੀ ਡੀਨ (ਅਕਾਦਮਿਕ ਮਾਮਲੇ) ਸ਼੍ਰੀਮਤੀ ਨੀਤੂ ਸਿੰਘ, ਕਾਮਰਸ ਵਿਭਾਗ ਦੀ ਮੁਖੀ ਡਾ. ਅਮਨਪ੍ਰੀਤ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਇਸ ਮੁਕਾਬਲੇ ਦੇ ਜੱਜ ਪੁਸ਼ਪਿੰਦਰ ਸਿੰਘ (ਅਲੂਮਨੀ ਤੇ ਗਾਇਕ) ਅਤੇ ਅਵਨੀਤ ਕੌਰ ਸਿੱਧੂ (ਅਲੂਮਨੀ, ਗਾਇਕ ਤੇ ਅਭਿਨੇਤਰੀ) ਨੂੰ ਵੀ ਯਾਦਗਾਰੀ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
Share the post "ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਨੇ ਗਾਇਕੀ ਮੁਕਾਬਲਾ ’ਸੁਰ-ਸੰਗਮ-2023’ ਕਰਵਾਇਆ"