ਉੱਚ ਅਧਿਕਾਰੀਆਂ ਸਮੇਤ ਕੁਲ 60 ਵਿਅਕਤੀਆਂ ਨੇ ਕੀਤਾ ਆਪਣਾ ਖੂਨਦਾਨ
ਸਿਵਲ ਹਸਪਤਾਲ ਬਠਿੰਡਾ ਬਲੱਡ ਬੈਂਕ ਦੀ ਟੀਮ ਖੂਨ ਇਕੱਤਰ ਕਰਨ ਲਈ ਪਹੁੰਚੀ
ਆਸਰਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਸੀ ਇਹ ਕੈਂਪ
ਸੁਖਜਿੰਦਰ ਮਾਨ
ਬਠਿੰਡਾ, 7 ਮਈ : ਬੀਸੀਐੱਲ ਇੰਡਸਟਰੀ ਲਿਮਟਿਡ ਦੇ ਡਿਸਟਿਲਰੀ ਯੂਨਿਟ ਸੰਗਤ ਕਲਾਂ ਵਿਖੇ ਆਸਰਾ ਵੈਲਫੇਅਰ ਸੁਸਾਇਟੀ ਰਜਿ ਬਠਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਬਠਿੰਡਾ ਤੋਂ ਬਲੱਡ ਬੈਂਕ ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ ਹੋਈ ਸੀ। ਕੈਂਪ ਦੌਰਾਨ ਕੁਲ 60 ਖੂਨਦਾਨੀਆਂ ਵੱਲੋਂ ਆਪਣਾ ਖੂਨ ਦਾਨ ਕੀਤਾ ਗਿਆ, ਜਿਸ ’ਚ ਅਧਿਕਾਰੀਆਂ ਅਤੇ ਵਰਕਰਾਂ ਸ਼ਾਮਲ ਹਨ। ਇਸ ਕੈਂਪ ਦੀ ਰਸ਼ਮੀ ਸ਼ੁਰੂਆਤ ਡਿਸਟਿਲਰੀ ਯੂਨਿਟ ਦੇ ਜਨਰਲ ਮੈਨੇਜਰ ਰਵਿੰਦਰਾ ਕੁਮਾਰ ਵੱਲੋਂ ਖ਼ੁਦ ਖੂਨਦਾਨ ਕਰਕੇ ਕੀਤੀ ਗਈ। ਇਸ ਮੌਕੇ ਯੂਨਿਟ ਦੇ ਵੱਡੀ ਗਿਣਤੀ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਖੂਨਦਾਨ ਕੀਤਾ ਗਿਆ ਜਿਸ ’ਚ ਸੀਨੀਅਰ ਡੀਜੀਐੱਮ ਦਵਿੰਦਰਾ ਸਿੰਘ, ਸੀਨੀਅਰ ਡੀਜੀਐੱਮ ਵਰਕਸ਼ ਐਚ ਕੇ ਵਰਮਾ, ਡੀਜੀਐੱਮ ਪ੍ਰੋਜੈਕਟ ਜਗਮੋਹਨ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਸਥਿਤ ਬਲੱਡ ਬੈਂਕ ’ਚ ਪਿਛਲੇ ਸਮੇਂ ਤੋਂ ਖੂਨ ਦੀ ਕਮੀ ਚਲਦੀ ਆ ਰਹੀ ਹੈ। ਇਸ ਨੂੰ ਪੂਰਾ ਕਰਨ ਲਈ ਹੀ ਬੀਸੀਐੱਲ ਇੰਡਸਟਰੀ ਅਤੇ ਆਸਰਾ ਵੈਲੇਫਅਰ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ। ਇਸ ਉਪਰਾਲੇ ’ਤੇ ਬੋਲਦਿਆ ਬੀਸੀਐੱਲ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਖੂਨਦਾਨ ਇਕ ਮਹਾਨ ਦਾਨ ਹੈ ਅਤੇ ਹਰ ਕਿਸੇ ਨੂੰ ਵਧ ਚੜ੍ਹ ਕੇ ਇਸ ਨੇਕ ਕਾਰਜ ’ਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਮੌਜੂਦ ਬਠਿੰਡਾ ਬਲੱਡ ਬੈਂਕ ਦੀ ਇੰਚਾਰਜ਼ ਡਾ. ਰੀਤਿਕਾ ਗਰਗ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਬੀਸੀਐੱਲ ਦੇ ਬਠਿੰਡਾ ਸਥਿਤ ਯੂਨਿਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਸੀ ਅਤੇ ਇਹ ਲਗਤਾਰ ਦੂਸਰਾ ਕੈਂਪ ਅੱਜ ਡਿਸਟਿਲਰੀ ਯੂਨਿਟ ਵਿਖੇ ਲਗਾਇਆ ਗਿਆ ਹੈ ਅਤੇ ਕੁਲ 60 ਵਿਅਕਤੀਆਂ ਵੱਲੋਂ ਆਪਣਾ ਖੂਨਦਾਨ ਕੀਤਾ ਗਿਆ। ਉਨ੍ਹਾਂ ਇਸ ਮੌਕੇ ਬੀਸੀਐੱਲ ਦੀ ਪੂਰੀ ਮੈਨੇਜਮੈਂਟ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆ ਆਸਰਾ ਵੈਲੇਫਅਰ ਸੁਸਾਇਟੀ ਦੇ ਪ੍ਰਧਾਨ ਰਾਮੇਸ਼ ਮਹਿਤਾ ਨੇ ਦੱਸਿਆ ਕਿ ਖੂਨਦਾਨ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਜਿਥੇ ਸੰਸਥਾ ਵੱਲੋਂ ਮੈਡਲ ਦਿੱਤੇ ਗਏ ਅਤੇ ਉਥੇ ਹੀ ਵਿਭਾਗ ਵੱਲੋਂ ਸਾਰਟੀਫਿਕੇਟ ਵੀ ਜਾਰੀ ਕੀਤੇ ਜਾ ਰਹੇ ਹਨ। ਇਸ ਮੌਕੇ ਜੀਐੱਮ ਐੱਮਪੀ ਸਿਨਹਾ, ਸੀਨੀਅਰ ਡੀਜੀਐੱਮ ਵਾਜ਼ਿਦ ਅਲੀ , ਸੀਨੀਅਰ ਮੈਨੇੈਜਰ ਸ਼ਾਮ ਲਾਲ ਜੈਨ, ਸੰਜੇ ਅਗਰਵਾਲ, ਮੁਕੇਸ਼ ਬਾਂਸਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਬੀਸੀਐੱਲ ਇੰਡਸਟਰੀ ਦੇ ਡਿਸਟਿਲਰੀ ਯੂਨਿਟ ਵਿਚ ਲੱਗਿਆ ਖੂਨਦਾਨ ਕੈਂਪ
11 Views