ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫ਼ਤੇ ਦੀ ਸ਼ੁਰੂਆਤ ’ਚ ਕੀਤੇ ਸਮਾਗਮ
ਗੋਨਿਆਣਾ, 2 ਅਗਸਤ: ਮਾਂ ਦਾ ਦੁੱਧ ਨਵਜਾਤ ਬੱਚੇ ਲਈ ਵਰਦਾਨ ਸਾਬਿਤ ਹੁੰਦਾ ਹੈ ਕਿਉਂਕਿ ਇਸ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਬੱਚੇ ਨੂੰ ਮਾਰੂ ਬਿਮਾਰੀਆਂ ਦਾ ਟਾਕਰਾ ਕਰਨ ਦੇ ਯੋਗ ਬਣਾਉਂਦੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਐਚ.ਸੀ. ਗੋਨਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕੀਤਾ। ਉਹ ਅੱਜ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫ਼ਤੇ ਦੀ ਸ਼ੁਰੂਆਤ ਕਰਨ ਸਮੇਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਸੰਬੋਧਿਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਛਾਤੀ ਦਾ ਦੁੱਧ ਚੁੰਘਾਉਣ ਨਾਲ ਜਣੇਪੇ ਤੋਂ ਬਾਅਦ ਸਰੀਰ ਵਿੱਚ ਆਉਂਦੇ ਵਿਕਾਰਾਂ ਦਾ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਮਾਵਾਂ ਵਿੱੱਚ ਟਾਇਪ 2 ਦੀ ਸ਼ੂਗਰ, ਗਠੀਏ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਕਲੈਸਟਰੋਲ ਵਿੱਚ ਵਾਧੇ ਤੋਂ ਵੀ ਦੁੱਧ ਚੁੰਘਾਉਣ ਨਾਲ ਬਚਾਅ ਹੁੰਦਾ ਹੈ।
ਇਸ ਮੌਕੇ ਬੋਲਦਿਆਂ ਬੱਚਿਆਂ ਦੇ ਮਾਹਿਰ ਡਾਕਟਰ ਮੋਨੀਸ਼ਾ ਗਰਗ ਨੇ ਕਿਹਾ ਕਿ ਛਾਤੀ ਦਾ ਦੁੱਧ ਚੁੰਘਾਉਣ ਨਾਲ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਸਿਹਤਮੰਦ ਵਿਕਾਸ ਲਈ ਛਾਤੀ ਦਾ ਦੁੱਧ ਚੁੰਘਾਉਣਾ ਬਹੁਤ ਮਹੱਤਵਪੂਰਨ ਹੈ।ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਬ੍ਰੈਸਟਫੀਡਿੰਗ ਹਫ਼ਤੇ ਦਾ ਥੀਮ ਕੰਮ ਕਰਨ ਵਾਲੇ ਮਾਪਿਆਂ ਲਈ ਇੱਕ ਫ਼ਰਕ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਬਠਿੰਡਾ ਡਾਕਟਰ ਤੇਜ਼ਵੰਤ ਸਿੰਘ ਢਿੱਲੋਂ ਦੀਆਂ ਹਦਾਇਤਾਂ ਮੁਤਾਬਿਕ ਬਲਾਕ ਦੇ ਸਮੂਹ ਸਿਹਤ ਕੇਂਦਰਾਂ ਤੇ ਇਸ ਹਫ਼ਤੇ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਰੇਣੂਕਾ ਗੋਇਲ, ਸੀ.ਐਚ.ਓ. ਪ੍ਰਭਜੋਤ ਨਨਚਾਹਲ, ਫਾਰਮੇਸੀ ਅਫ਼ਸਰ ਸੰਦੀਪ ਕੁਮਾਰ, ਸਿਹਤ ਸੁਪਰਵਾਇਜ਼ਰ ਕਰਮਜੀਤ ਕੌਰ, ਮਪਹਵ ਰਾਮ ਕੁਮਾਰੀ, ਕੁਲਜੀਤ ਕੌਰ, ਨਿਸ਼ਾ ਰਾਣੀ ਅਤੇ ਡਰਾਇਵਰ ਪਿਆਰਾ ਸਿੰਘ ਆਦਿ ਹਾਜ਼ਰ ਸਨ।