ਕਣਕ ਦਾ ਝਾੜ ਘੱਟ ਨਿਕਲਣ ਲਈ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੀ ਕੀਤੀ ਪੰਜਾਬ ਸਰਕਾਰ ਕੋਲੋ ਮੰਗ ਸੁਖਜਿੰਦਰ ਮਾਨ
ਤਲਵੰਡੀ ਸਾਬੋ, 14 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਉਪਰ ਆਪਣੀਆਂ ਤਾਕਤਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅੱਗੇ ਸਮਰਪਣ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਸ੍ਰੀ ਕੇਜਰੀਵਾਲ ਹੀ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿਚ ਪੰਜਾਬ ਦੇ ਅਫਸਰਾਂ ਦੀਆਂ ਨਾ ਸਿਰਫ ਮੀਟਿੰਗਾਂ ਲੈ ਰਹੇ ਹਨ ਬਲਕਿ ਐਸ ਐਸ ਪੀ ਅਤੇ ਡਿਪਟੀ ਕਮਿਸ਼ਨਰਾਂ ਦੀ ਨਿਯੁਕਤੀ ਵੀ ਕਰ ਰਹੇ ਹਨ। ਅੱਜ ਤਖਤ ਸ੍ਰੀ ਦਮਦਮ ਸਾਹਿਬ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਲ ਦੇ ਪ੍ਰਧਾਨ ਸ: ਬਾਦਲ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਨਾ ਸਿਰਫ ਪੰਜਾਬ ਵਿਚ ਪ੍ਰਸ਼ਾਸਨ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਹੈ ਬਲਕਿ ਉਹ ਹਿਮਾਚਲ ਪ੍ਰਦੇਸ਼ ਵਿਚ ਚੋਣ ਪ੍ਰਚਾਰ ਵਾਸਤੇ ਸੂਬੇ ਦੇ ਹੈਲੀਕਾਪਟਰ ਦੀ ਵਰਤੋਂ ਕਰਨ ਸਮੇਤ ਸੂਬੇ ਦੇ ਸਰੋਤਾਂ ਦੀ ਵੀ ਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਪੰਜਾਬ ਪੁਲਿਸ ਦੇ 90 ਕਮਾਂਡੋ ਦਿੱਲੀ ਦੇ ਮੁੱਖ ਮੰਤਰੀ ਨਾਲ ਤਾਇਨਾਤ ਕਰ ਦਿੱਤੇ ਗਏ ਹਨ।ਇਸ ਤੋਂ ਪਹਿਲਾਂ ਗੁਰੂ ਸਾਹਿਬਾਨ ਨੁੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਅਤੇ ਅਕਾਲੀ ਦਲ ਤੇ ਸ੍ਰੋਮਣੀ ਅਕਾਲੀ ਦਲ ਨੁੰ ਸਿੱਖ ਕੌਮ ਦੇ ਦੋ ਥੰਮ ਹੋਣ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਅੱਜ ਸ਼ਰਾਬ ਪੀ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਕਿਹਾ ਕਿ ਉਹ ਕੁਝ ਸਮੇਂ ਲਈ ਬੋਲਣਾ ਨਹੀਂ ਚਾਹੁੰਦੇ ਸਨ ਤੇ ਨਵੀਂ ਸਰਕਾਰ ਨੁੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਦੇਣਾ ਚਾਹੁੰਦੇ ਸਨ ਪਰ ਮੁੱਖ ਮੰਤਰੀ ਦੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਸ੍ਰੀ ਭਗਵੰਤ ਮਾਨ ਇਸ ਤਰੀਕੇ ਪੇਸ਼ ਆਏ ਹੋਣ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਇਸ ਪਵਿੱਤਰ ਅਸਥਾਨ ’ਤੇ ਅਤੇ ਬਰਗਾੜੀ ਧਰਨੇ ‘ਤੇ ਸ਼ਰਾਬ ਪੀ ਕੇ ਸ਼ਮੂਲੀਅਤ ਕੀਤੀ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਸੂਬੇੇ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਦੇ ਪੰਜ ਆਮ ਆਦਮੀ ਪਾਰਟੀ ਰਾਜ ਸਭਾ ਮੈਂਬਰਾਂ ਨੇ ਚੰਡੀਗੜ੍ਹ ’ਤੇ ਪੰਜਾਬ ਦਾਅਵੇ ਨੁੰ ਕੇਂਦਰ ਸਰਕਾਰ ਵੱਲੋਂ ਕਮਜ਼ੋਰ ਕਰਨ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਇਕ ਵਾਰ ਵੀ ਆਵਾਜ਼ ਬੁਲੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਮਾਮਲਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜ਼ੋਰਦਾਰ ਢੰਗ ਨਾਲ ਚੁੱਕਿਆ। ਸ: ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਲਈ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ। ਉਹਨਾਂ ਦੱਸਿਆ ਕਿ ਕਿਵੇਂ ਪੰਥ ਵਿਰੋਧੀ ਤਾਕਤਾਂ ਅਕਾਲੀ ਦਲ ਨੂੰ ਬਦਨਾਮ ਕਰ ਕੇ ਇਸਨੁੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹ ਤਾਕਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਾਡੇ ਗੁਰੂ ਘਰਾਂ ’ਤੇ ਕਬਜ਼ਾ ਚਾਹੁੰਦੀਆਂ ਹਨ ਤੇ ਹੁਣ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ ’ਤੇ ਕਬਜ਼ਾ ਕਰਨਾ ਹੈ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਵੇਂ ਸਾਰੇ ਵਿਰੋਧਾਂ ਦੇ ਬਾਵਜੁਦ ਸਿੱਖ ਡਟੇ ਹੋਏ ਹਨ। ਉਹਨਾਂ ਕਿਹਾ ਕਿ ਹੁਣ ਵੀ ਕੌਮ ਵਿਚ ਕੁਝ ਕਾਲੀਆਂ ਭੇਡਾਂ ਹਨ ਜੋ ਪੰਥ ਅਤੇ ਪੰਥਕ ਸੰਸਥਾਵਾਂ ਦੇ ਖਿਲਾਫ ਸਾਜ਼ਿਸ਼ਾਂ ਰਚ ਰਹੀਆਂ ਹਨ। ਉਹਨਾਂ ਨੇ ਕੌਮ ਨੁੰ ਅਪੀਲ ਕੀਤੀ ਕਿ ਉਹ ਪੰਥ ਦੀ ਰਾਖੀ ਵਾਸਤੇ ਕੰਮ ਕਰਨ ਅਤੇ ਸਾਰੀਆਂ ਪੰਥ ਵਿਰੋਧੀ ਤਾਕਤਾਂ ਨੂੰ ਸਮੇਂ ਸਿਰ ਮਾਤ ਦੇਣ।ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਝਾੜ ਘੱਟ ਨਿਕਲਣ ਦਾ ਮੁਆਵਜ਼ਾ ਦੇਵੇ ਤੇ ਡੀਜ਼ਲ ’ਤੇ ਵੈਟ ਘਟਾਵੇ ਅਤੇ ਨਾਲ ਹੀ ਬਿਜਲੀ ਦੀ ਢੁਕਵੀਂ ਸਪਲਾਈ ਦਾ ਪ੍ਰਬੰਧ ਕਰੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਉਹ ਲੰਗਰ ’ਤੇ ਜੀ ਐਸ ਟੀ ਦੇ ਮੁੱਦੇ ਅਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੇ ਮੁੱਕੇ ਚੁੱਕਦੇ ਰਹੇ ਹਨ। ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਇਕ ਮਤਾ ਪੇਸ਼ ਕੀਤਾ ਜਿਸ ਵਿਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਜਗਤਾਰ ਸਿੰਘ ਹਵਾਰਾ ਸਮੇਤ ਜਿਹੜੇ ਸਿੱਖ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾ ਨੁੰ ਰਿਹਾਅ ਕੀਤਾ ਜਾਵੇ। ਇਹ ਮਤਾ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ, ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਦਰਸ਼ਨ ਸਿੰਘ ਕੋਟਫੱਤਾ, ਜੀਤਮਹਿੰਦਰ ਸਿੱਧੂ, ਦਿਲਰਾਜ ਸਿੰਘ ਭੂੰਦੜ, ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਿਤ ਗੁਪਤਾ, ਚਮਕੌਰ ਮਾਨ ਤੇ ਹੋਰ ਆਗੂ ਵੀ ਮੌਜੂਦ ਸਨ।
Share the post "ਭਗਵੰਤ ਮਾਨ ਨੇ ਆਪਣੀਆਂ ਤਾਕਤਾਂ ਕੇਜਰੀਵਾਲ ਨੂੰ ਸੋਂਪੀਆਂ, ਕੇਜ਼ਰੀਵਾਲ ਕਰ ਰਿਹਾ ਹੈ ਐਸ ਐਸ ਪੀ ਤੇ ਡੀ ਸੀ ਦੀਆਂ ਨਿਯੁਕਤੀਆਂ : ਸੁਖਬੀਰ ਸਿੰਘ ਬਾਦਲ"